ਏ.ਟੀ.ਐਮ. ਲੈ ਜਾ ਕੇ ਜਬਰਨ ਕਢਵਾਏ ਗਏ 30,000 ਰੁਪਏ
ਦੀਨਾਨਗਰ 9 ਜੁਲਾਈ 2025 (ਮੰਨਨ ਸੈਣੀ)। ਥਾਣਾ ਦੀਨਾਨਗਰ ਅਧੀਨ ਪੈਂਦੇ ਕੌਹਲੀਆਂ ਮੋੜ ਨੇੜੇ ਬੀਤੀ ਰਾਤ ਤਿੰਨ ਅਣਪਛਾਤੇ ਨੌਜਵਾਨਾਂ ਨੇ ਇੱਕ ਫੋਟੋਗ੍ਰਾਫਰ ਨੂੰ ਫਿਲਮੀ ਸਟਾਈਲ ਅੰਦਰ ਦਾਤਰ ਦਿਖਾ ਕੇ ਡਰਾ-ਧਮਕਾ ਕੇ ਲੁੱਟ ਲਿਆ। ਲੁਟੇਰੇ ਉਸ ਤੋਂ ਨਕਦੀ, ਮੋਬਾਈਲ ਫੋਨ ਅਤੇ ਏ.ਟੀ.ਐਮ. ਤੋਂ 30,000 ਰੁਪਏ ਕਢਵਾ ਕੇ ਉਸ ਦਾ ਮੋਟਰਸਾਈਕਲ ਵੀ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਦਾ ਵੇਰਵਾ:
ਸ਼ਿਕਾਇਤਕਰਤਾ ਰਵਿੰਦਰ ਸੈਣੀ ਪੁੱਤਰ ਸੁਖਰਾਜ ਸਿੰਘ ਵਾਸੀ ਨਿਆਮਤਾ ਨੇ ਦੱਸਿਆ ਕਿ ਉਹ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ। 7 ਅਗਸਤ, 2025 ਨੂੰ ਉਹ ਆਪਣੇ ਕੰਮ ਤੋਂ ਵਾਪਸ ਆਪਣੇ ਪਿੰਡ ਨਿਆਮਤਾ ਜਾ ਰਿਹਾ ਸੀ। ਰਾਤ ਕਰੀਬ 10:30 ਵਜੇ ਜਦੋਂ ਉਹ ਕੋਹਲੀਆਂ ਮੋੜ ਨੇੜੇ ਸਵਰਗ ਪੈਲਸ ਕੋਲ ਪਹੁੰਚਿਆ, ਤਾਂ ਪਿੱਛੋਂ ਇੱਕ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨ ਆਏ। ਉਨ੍ਹਾਂ ਨੇ ਰਵਿੰਦਰ ਨੂੰ ਰੋਕ ਲਿਆ ਅਤੇ ਉਸ ਦੇ ਮੋਢੇ ‘ਤੇ ਦਾਤਰ ਰੱਖ ਕੇ ਉਸ ਦੀ ਜੇਬ ਵਿੱਚੋਂ ਪਰਸ ਖੋਹ ਲਿਆ, ਜਿਸ ਵਿੱਚ 2,000 ਰੁਪਏ ਨਕਦ ਅਤੇ ਜ਼ਰੂਰੀ ਕਾਗਜ਼ਾਤ ਸਨ। ਲੁਟੇਰਿਆਂ ਨੇ ਉਸ ਦਾ ਰੀਅਲਮੀ ਕੰਪਨੀ ਦਾ ਮੋਬਾਈਲ ਫੋਨ ਵੀ ਖੋਹ ਲਿਆ।
ਏ.ਟੀ.ਐਮ. ਤੋਂ ਕਢਵਾਏ 30,000 ਰੁਪਏ:
ਇਸ ਤੋਂ ਬਾਅਦ ਲੁਟੇਰੇ ਰਵਿੰਦਰ ਨੂੰ ਉਸ ਦੇ ਮੋਟਰਸਾਈਕਲ ‘ਤੇ ਬਿਠਾ ਕੇ ਬਰੀਆਰ ਅੱਡੇ ਵਿੱਚ ਸਥਿਤ ਐਸ.ਬੀ.ਆਈ. ਦੇ ਏ.ਟੀ.ਐਮ. ਕੋਲ ਲੈ ਗਏ। ਉੱਥੇ ਉਨ੍ਹਾਂ ਨੇ ਜ਼ਬਰਦਸਤੀ ਉਸ ਪਾਸੋਂ 30,000 ਰੁਪਏ ਕਢਵਾ ਲਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਉਸ ਦਾ ਮੋਟਰਸਾਈਕਲ ਨੰਬਰ ਵੀ ਖੋਹ ਕੇ ਦੀਨਾਨਗਰ ਵੱਲ ਫਰਾਰ ਹੋ ਗਏ।
ਪੁਲਿਸ ਦੀ ਕਾਰਵਾਈ:
ਜਾਂਚ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਧਾਰਾ 308,307, 351(3), 3(5) ਬੀਐਨਐਸ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
