ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖ਼ਰੀਦ ਰਹੇ ਨਕਲੀ ਸਰਫ਼ ਐਕਸਲ? ਦੀਨਾਨਗਰ ਵਿੱਚ ਦੁਕਾਨ ਤੋਂ 350 ਪੈਕੇਟ ਬਰਾਮਦ, ਦੁਕਾਨਦਾਰ ਗ੍ਰਿਫ਼ਤਾਰ

ਸਰਫ਼ ਐਕਸਲ ਦੇ ਨਾਂ ’ਤੇ ਕਥਿਤ ਤੌਰ ’ਤੇ ਨਕਲੀ ਪਾਊਡਰ ਵੇਚਣ ਦਾ ਮਾਮਲਾ ਆਇਆ ਸਾਹਮਣੇ, 150 ਖਾਲੀ ਪੈਕੇਟ ਵੀ ਮਿਲੇ

ਗੁਰਦਾਸਪੁਰ, 3 ਅਕਤੂਬਰ 2026 (ਮੰਨਨ ਸੈਣੀ)। ਬਾਜ਼ਾਰ ਵਿੱਚ ਖਰੀਦਦਾਰੀ ਕਰਦੇ ਸਮੇਂ ਕੀ ਤੁਸੀਂ ਇਸ ਗੱਲ ਦੀ ਜਾਂਚ ਕਰਦੇ ਹੋ ਕਿ ਜੋ ਸਰਫ਼ ਐਕਸਲ ਤੁਸੀਂ ਖ਼ਰੀਦ ਰਹੇ ਹੋ, ਉਹ ਅਸਲੀ ਹੈ ਜਾਂ ਨਕਲੀ? ਦੀਨਾਨਗਰ ਵਿੱਚ ਸਾਹਮਣੇ ਆਏ ਇੱਕ ਮਾਮਲੇ ਨੇ ਖਪਤਕਾਰਾਂ ਦੀ ਇਸ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਇੱਥੇ ਇੱਕ ਦੁਕਾਨ ਤੋਂ ਕਥਿਤ ਨਕਲੀ ਸਰਫ਼ ਐਕਸਲ ਦੇ 350 ਪੈਕੇਟ ਅਤੇ 150 ਖਾਲੀ ਪੈਕੇਟ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਦੁਕਾਨਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਤੋਂ ਬਾਅਦ ਖਪਤਕਾਰਾਂ ਨੂੰ ਪੈਕਿੰਗ ਅਤੇ ਉਤਪਾਦ ਦੀ ਅਸਲੀਅਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ IP Arjus Eye India Pvt. Ltd. ਦੇ ਫੀਲਡ ਅਫ਼ਸਰ ਮੋਹਿਕ ਸ਼ਰਮਾ ਵਾਸੀ ਨਿਊ ਰਣਜੀਤਪੁਰਾ, ਛੇਹਰਟਾ, ਅੰਮ੍ਰਿਤਸਰ ਨੇ ਦੱਸਿਆ ਕਿ ਦੀਨਾਨਗਰ ਦੇ ਪਿੰਡ ਸਾਹੋਵਾਲ ਛੋਟਾ ਵਾਸੀ ਸ਼ੁਭਮ ਕੁਮਾਰ ਦੀ ਸੰਨੀ ਟਰੇਡਰਜ਼ ਨਾਂ ਦੀ ਦੁਕਾਨ ’ਤੇ ਕੰਪਨੀ ਦੇ ਟ੍ਰੇਡਮਾਰਕ ਦੀ ਕਥਿਤ ਦੁਰਵਰਤੋਂ ਕਰਕੇ ਨਕਲੀ ਸਰਫ਼ ਐਕਸਲ ਵੇਚਿਆ ਜਾ ਰਿਹਾ ਸੀ।

ਸ਼ਿਕਾਇਤ ਦੇ ਆਧਾਰ ’ਤੇ 2 ਅਕਤੂਬਰ 2026 ਨੂੰ ਦੀਨਾਨਗਰ ਪੁਲਿਸ ਨੇ ਕਾਪੀਰਾਈਟ ਐਕਟ 1957 ਦੀਆਂ ਧਾਰਾਵਾਂ 63 ਅਤੇ 65 ਤਹਿਤ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ ਜਾਂਚ ਅਧਿਕਾਰੀ ਏਐੱਸਆਈ ਰਜਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸੰਨੀ ਟਰੇਡਰਜ਼ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਉੱਥੋਂ 350 ਪੈਕੇਟ ਕਥਿਤ ਨਕਲੀ ਸਰਫ਼ ਐਕਸਲ ਅਤੇ 150 ਖਾਲੀ ਪੈਕੇਟ ਬਰਾਮਦ ਕੀਤੇ। ਇਸ ਮਾਮਲੇ ਵਿੱਚ ਦੁਕਾਨਦਾਰ ਸ਼ੁਭਮ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਖਪਤਕਾਰ ਖਰੀਦਦਾਰੀ ਸਮੇਂ ਵਰਤਣ ਸਾਵਧਾਨੀ

ਦੀਨਾਨਗਰ ਵਿੱਚ ਸਾਹਮਣੇ ਆਏ ਇਸ ਮਾਮਲੇ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਬਾਜ਼ਾਰ ਵਿੱਚ ਵਿਕਣ ਵਾਲੇ ਹਰ ਬ੍ਰਾਂਡਿਡ ਉਤਪਾਦ ਦੀ ਅਸਲੀਅਤ ਦੀ ਜਾਂਚ ਕਿਵੇਂ ਕੀਤੀ ਜਾਵੇ। ਖਪਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਰਫ਼ ਐਕਸਲ ਜਾਂ ਹੋਰ ਬ੍ਰਾਂਡਿਡ ਉਤਪਾਦ ਖ਼ਰੀਦਣ ਸਮੇਂ ਪੈਕੇਟ ਦੀ ਸੀਲ, ਛਪਾਈ, ਨਿਰਮਾਤਾ ਦੀ ਜਾਣਕਾਰੀ ਅਤੇ ਕੀਮਤ ਦੀ ਜਾਂਚ ਜ਼ਰੂਰ ਕਰਨ। ਸ਼ੱਕ ਹੋਣ ਦੀ ਸੂਰਤ ਵਿੱਚ ਉਤਪਾਦ ਨਾ ਖ਼ਰੀਦਣ ਅਤੇ ਸਬੰਧਤ ਕੰਪਨੀ ਜਾਂ ਖਪਤਕਾਰ ਹੈਲਪਲਾਈਨ ’ਤੇ ਸ਼ਿਕਾਇਤ ਕਰਨ।

ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Exit mobile version