ਚੰਡੀਗੜ, 17 ਦਸੰਬਰ: 1986 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸਿਧਾਰਥ ਚਟੋਪਾਧਿਆਏ ਨੇ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਪੁਲਿਸ ਦੇ ਮੁਖੀ) ਦਾ ਵਾਧੂ ਚਾਰਜ ਸੰਭਾਲ ਲਿਆ ਹੈ।
ਸੂਬਾ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਿਧਾਰਥ ਚਟੋਪਾਧਿਆਏ, ਆਈ.ਪੀ.ਐਸ., ਹੁਣ ਡੀ.ਜੀ.ਪੀ.,ਪੰਜਾਬ ਦੇ ਨਾਲ -ਨਾਲ ਡੀਜੀਪੀ ਪੀ.ਐਸ.ਪੀ.ਸੀ.ਐਲ., ਪਟਿਆਲਾ ਦੇ ਚਾਰਜ ਸਮੇਤ ਮੁੱਖ ਡਾਇਰੈਕਟਰ, ਸਟੇਟ ਵਿਜੀਲੈਂਸ ਬਿਊਰੋ ਦਾ ਵਾਧੂ ਚਾਰਜ ਵੀ ਸੰਭਾਲਣਗੇ। ਅਹੁਦਾ ਸੰਭਾਲਣ ਤੋਂ ਬਾਅਦ ਨਵ-ਨਿਯੁਕਤ ਡੀਜੀਪੀ ਪੰਜਾਬ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ- 2022 ਦੇ ਮੱਦੇਨਜ਼ਰ ਅਮਨ-ਕਾਨੂੰਨ ਬਣਾਈ ਰੱਖਣ ਦੇ ਨਾਲ-ਨਾਲ ਉਹ ਨਸ਼ਾ ਤਸਕਰੀ, ਮਨੁੱਖੀ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਤੇਜ ਕਰਨਗੇ ਅਤੇ ਰਾਜ ਵਿੱਚ ਸੜਕੀ ਸੁਰੱਖਿਆ ਲਈ ਬਿਹਤਰ ਮਾਹੌਲ ਬਣਾਉਣ ਲਈ ਉਪਰਾਲੇ ਕਰਨਗੇ। ਰਾਸ਼ਟਰਪਤੀ ਤੋਂ ‘ਪੁਲਿਸ ਮੈਡਲ ਫਾਰ ਗੈਲੈਂਟਰੀ ’ ਐਵਾਰਡ ਨਾਲ ਨਵਾਜ਼ੇ ਜਾ ਚੁੱਕੇ ਸ੍ਰੀ ਚਟੋਪਾਧਿਆਏ ਨੇ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਰਾਜ ਪੁਲਿਸ ਵਿੱਚ ਵੱਖ-ਵੱਖ ਸੰਵੇਦਨਸ਼ੀਲ ਅਤੇ ਜੋਖਮ ਵਾਲੀਆਂ ਥਾਂਵਾਂ ’ਤੇ ਕੰਮ ਕਰ ਚੁੱਕੇ ਹਨ ਅਤੇ ਸੀਮਾ ਸੁਰੱਖਿਆ ਬਲ ਵਿੱਚ ਡੈਪੂਟੇਸ਼ਨ ‘ਤੇ ਵੀ ਸੇਵਾ ਨਿਭਾ ਚੁੱਕੇ ਹਨ ।
ਜ਼ਿਕਰਯੋਗ ਹੈ ਕਿ ਡੀਜੀਪੀ ਪੀ.ਐਸ.ਪੀ.ਸੀ.ਐਲ ਵਜੋਂ ਤਾਇਨਾਤੀ ਤੋਂ ਪਹਿਲਾਂ, ਉਹ ਡੀਜੀਪੀ ਮਨੁੱਖੀ ਸਰੋਤ ਵਿਕਾਸ ਵੀ ਰਹਿ ਚੁੱਕੇ ਹਨ। ਉਹ ਪੰਜਾਬ ਪੁਲਿਸ ਵਿੱਚ ਏਡੀਜੀਪੀ ਪਾਲਿਸੀ ਐਂਡ ਰੂਲਜ਼, ਏਡੀਜੀਪੀ ਪ੍ਰੋਵੀਜਨਿੰਗ ਐਂਡ ਮਾਡਰਨਾਈਜ਼ੇਸ਼ਨ ਅਤੇ ਹੋਰ ਮਹੱਤਵਪੂਰਨ ਅਹੁਦਿਆਂ ‘ਤੇ ਵੀ ਕੰਮ ਕਰ ਚੁੱਕੇ ਹਨ। ਉਨਾਂ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵਿਸ਼ੇਸ਼ ਜਾਂਚ ਟੀਮਾਂ (ਐਸਆਈਟੀ) ਦੇ ਮੁਖੀ ਵਜੋਂ ਵੀ ਨਿਯੁਕਤ ਕੀਤਾ ਜਾ ਚੁੱਕਾ ਹੈ।