ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਅਲੀਵਾਲ ਵਿਖੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ

ਕੋਰੋਨਾ ਮਹਾਂਮਾਰੀ ਦੇ ਬਾਵਜੂਦ ਵੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਯਤਨਸ਼ੀਲ – ਤ੍ਰਿਪਤ ਬਾਜਵਾ

ਬਟਾਲਾ, 29 ਅਗਸਤ ( ਮੰਨਨ ਸੈਣੀ) – ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਉਚੇਰੀ ਸਿੱਖਿਆ ਅਤੇ ਭਸ਼ਾਵਾਂ ਬਾਰੇ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਹਲਕਾ ਫ਼ਤਹਿਗੜ੍ਹ ਦੇ ਪਿੰਡ ਅਲੀਵਾਲ ਵਿਖੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਸਾਬਕਾ ਚੇਅਰਮੈਨ ਸ. ਬਲਵਿੰਦਰ ਸਿੰਘ ਕੋਟਲਾਬਾਮਾ, ਚੇਅਰਮੈਨ ਓਂਕਾਰ ਸਿੰਘ ਲਾਟੀ, ਸ. ਤਰਪਾਲ ਸਿੰਘ ਪਾਰੋਵਾਲ, ਐਕੀਸਅਨ ਰਾਜੀਵ ਕੁਮਾਰ ਸੈਣੀ, ਐੱਸ.ਡੀ.ਓ. ਲੋਕ ਨਿਰਮਾਣ ਵਿਭਾਗ ਦਵਿੰਦਰਪਾਲ ਸਿੰਘ, ਬੀ.ਡੀ.ਪੀ.ਓ. ਫ਼ਤਹਿਗੜ੍ਹ ਚੂੜੀਆਂ ਗੁਰਮੀਤ ਸਿੰਘ, ਸਰਪੰਚ ਲਖਵਿੰਦਰ ਸਿੰਘ ਅਲੀਵਾਲ ਅਤੇ ਹਰਪਿੰਦਰਪਾਲ ਸਿੰਘ ਸੰਧੂ ਸਮੇਤ ਹੋਰ ਵੀ ਮੋਹਤਬਰ ਹਾਜ਼ਰ ਸਨ।

ਕੈਬਨਿਟ ਮੰਤਰੀ ਸ. ਬਾਜਵਾ ਨੇ ਵਿਕਾਸ ਕਾਰਜਾਂ ਦਾ ਜਾਇਜਾ ਲੈਂਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਅਲੀਵਾਲ ਵਿਚੋਂ ਲੰਘਦੀ ਸੜਕ ਨੂੰ ਤੁਰੰਤ ਪੱਧਰੀ ਕਰਕੇ ਲੋਕਾਂ ਦੇ ਲੰਘਣ ਲਈ ਤਿਆਰ ਕੀਤਾ ਜਾਵੇ। ਲੋਕ ਨਿਰਮਾਣ ਵਿਭਾਗ ਵਲੋਂ ਇਸ ਸੜਕ ਨੂੰ ਪੱਧਰੀ ਕਰਨ ਦੇ ਕਾਰਜ ਦਾ ਜਾਇਜਾ ਲੈਂਦਿਆਂ ਉਨ੍ਹਾਂ ਕਿਹਾ ਕਿ ਸੜਕ ਦਾ ਰਹਿੰਦਾ ਕੰਮ ਵੀ ਜਲਦ ਮੁਕੰਮਲ ਕੀਤਾ ਜਾਵੇ। ਉਨਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਵਲੋਂ ਇਸ ਸੜਕ ਦੇ ਟੋਏ ਪੂਰ ਕੇ ਇਸਦਾ ਬੇਸ ਤਿਆਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਸੜਕ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇਗਾ।

ਇਸ ਮੌਕੇ ਸ. ਬਾਜਵਾ ਨੇ ਅਲੀਵਾਲ ਵਿਚੋਂ ਲੰਘਦੇ ਨਾਲੇ ਦਾ ਜਾਇਜਾ ਵੀ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਨਾਲੇ ਦੀ ਸਫਾਈ ਕਰਕੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਬੀ.ਡੀ.ਪੀ.ਓ. ਫਤਿਹਗੜ੍ਹ ਚੂੜੀਆਂ ਅਤੇ ਐਕਸੀਅਨ ਲੋਕ ਨਿਰਮਾਣ ਵਿਭਾਗ ਨੂੰ ਹਦਾਇਤ ਕੀਤੀ ਕਿ ਇਸ ਨਾਲੇ ਦੀ ਸਫਾਈ ਅਤੇ ਮੁਰੰਮਤ ਦਾ ਐਸਟੀਮੇਟ ਤਿਆਰ ਕੀਤਾ ਜਾਵੇ ਤਾਂ ਜੋ ਪੱਕੇ ਤੌਰ ’ਤੇ ਪਿੰਡ ਵਿਚੋਂ ਦੀ ਲੰਘਦੇ ਇਸ ਨਾਲੇ ਦੀ ਦਸ਼ਾ ਸੁਧਾਰੀ ਜਾ ਸਕੇ।

ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਪੂਰੀ ਤਰਾਂ ਯਤਨਸ਼ੀਲ ਹੈ ਅਤੇ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਵੀ ਸੂਬੇ ਵਿੱਚ ਵਿਕਾਸ ਕਾਰਜ ਪੂਰੀ ਰਫ਼ਤਾਰ ਨਾਲ ਜਾਰੀ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਵਿੱਚ ਵੀ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਹਲਕੇ ਦੇ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

Exit mobile version