ਨਾਬਾਰਡ ਵੱਲੋਂ ਮੁੱਢਲੀਆਂ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਨੂੰ ਬਹੁ-ਸੇਵਾ ਕੇਂਦਰਾਂ ’ਚ ਤਬਦੀਲ ਕਰਨ ਦੇ ਫੈਸਲੇ ਨੂੰ ਮਨਜ਼ੂਰੀ

ਸਹਿਕਾਰਤਾ ਮੰਤਰੀ ਨੇ ਸਿਧਾਂਤਕ ਪ੍ਰਵਾਨਗੀ ਦਾ ਪੱਤਰ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਨੂੰ ਸੌਂਪਿਆ

ਚੰਡੀਗੜ, 10 ਅਗਸਤ:
ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸੂਬੇ ਦੇ ਸਹਿਕਾਰਤਾ ਖੇਤਰ ਸਬੰਧੀ ਵੱਖੋ-ਵੱਖ ਅਹਿਮ ਪਹਿਲੂਆਂ ’ਤੇ ਵਿਚਾਰ-ਚਰਚਾ ਕੀਤੀ।

ਇਸ ਮੌਕੇ ਜਿਨਾਂ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਉਨਾਂ ਵਿੱਚ ਮੁੱਢਲੀਆਂ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ (ਪੈਕਸ) ਨੂੰ ਨਾਬਾਰਡ ਦੀ ਬਹੁ-ਸੇਵਾ ਕੇਂਦਰ ਸਕੀਮ ਤਹਿਤ ਲਿਆਉਣਾ, ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੇ ਗਏ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਤਹਿਤ ਗਤੀਵਿਧੀਆਂ ਨੂੰ ਅੰਜਾਮ ਦੇਣਾ, ਪੈਕਸ ਦਾ ਕੰਪਿਊਟਰੀਕਰਨ, ਜ਼ਿਲਾ ਕੇਂਦਰੀ ਸਹਿਕਾਰੀ ਬੈਂਕਾਂ ਦਾ ਪੰਜਾਬ ਰਾਜ ਸਹਿਕਾਰੀ ਬੈਂਕ ਵਿੱਚ ਰਲੇਵਾਂ ਕਰਨਾ ਅਤੇ ਪਸ਼ੂ ਪਾਲਣ ਤੇ ਮੱਛੀ ਪਾਲਣ ਕਿੱਤਿਆਂ ਨੂੰ ਅਪਣਾਉਣ ਵਾਲੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰਨਾ ਸ਼ਾਮਲ ਸਨ।

ਇਸ ਮੌਕੇ ਨਾਬਾਰਡ ਦੇ ਚੀਫ ਜਨਰਲ ਮੈਨੇਜਰ ਨੇ ਜਾਣਕਾਰੀ ਦਿੱਤੀ ਕਿ ਮੁੱਢਲੀਆਂ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਨੂੰ ਬਹੁ-ਸੇਵਾ ਕੇਂਦਰਾਂ ਵਿੱਚ ਤਬਦੀਲ ਕਰਨ ਲਈ ਵਿਸ਼ੇਸ਼ ਰੀ-ਫਾਈਨਾਂਸ ਸੁਵਿਧਾ ਤਿੰਨ ਫੀਸਦੀ ਵਿਆਜ ਦਰ ਦੇ ਹਿਸਾਬ ਨਾਲ ਸੂਬੇ ਦੇ ਸਹਿਕਾਰੀ ਬੈਂਕਾਂ ਕੋਲ ਉਪਲਬਧ ਹੈ। ਇਸ ਮੌਕੇ ਪੈਕਸ ਦੇ ਕੰਪਿਊਟਰੀਕਰਨ ਸਬੰਧੀ ਗ੍ਰਾਂਟ ਬਾਰੇ ਵੀ ਵਿਸਥਾਰ ਸਹਿਤ ਚਰਚਾ ਕੀਤੀ ਗਈ।

ਇਸ ਮੌਕੇ ਸਹਿਕਾਰਤਾ ਮੰਤਰੀ ਨੇ ਪੈਕਸ ਨੂੰ ਬਹੁ-ਸੇਵਾ ਕੇਂਦਰਾਂ ਵਿੱਚ ਬਦਲਣ ਸਬੰਧੀ ਸਿਧਾਂਤਕ ਪ੍ਰਵਾਨਗੀ ਦਾ ਪੱਤਰ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਨੂੰ ਸੌਂਪਿਆ। ਇਸ ਵਿਸ਼ੇਸ਼ ਪਹਿਲ ਦਾ ਮਕਸਦ, ਪਛਾਣ ਕੀਤੀਆਂ 60 ਮੁੱਢਲੀਆਂ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਵਿੱਚ ਖੇਤੀਬਾੜੀ ਸਬੰਧੀ ਢਾਂਚੇ ਦਾ ਵਿਕਾਸ ਕਰਨਾ ਹੈ।

ਇਸ ਮੌਕੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸਹਿਕਾਰਤਾ ਕਲਪਨਾ ਮਿੱਤਲ ਬਰੂਆ, ਰਜਿਸਟਰਾਰ ਸਹਿਕਾਰੀ ਸੁਸਾਇਟੀਆਂ ਵਿਕਾਸ ਗਰਗ, ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਸਹਿਕਾਰੀ ਬੈਂਕ ਹਰਗੁਨਜੀਤ ਕੌਰ ਅਤੇ ਨਾਬਾਰਡ ਦੇ ਪੰਜਾਬ ਖੇਤਰੀ ਦਫ਼ਤਰ ਦੇ ਚੀਫ਼ ਜਨਰਲ ਮੈਨੇਜਰ ਡਾ. ਰਾਜੀਵ ਸਿਵਾਚ ਸ਼ਾਮਲ ਸਨ।

Exit mobile version