43 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਬਟਾਲਾ ਵਿਖੇ ਸੀਵਰੇਜ ਟਰੀਟਮੈਂਟ ਪਲਾਂਟ – ਤ੍ਰਿਪਤ ਬਾਜਵਾ

Tript Rajinder Bajwa

ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦੀ ਪ੍ਰੀਕ੍ਰਿਆ ਜਾਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਟਾਲਾ ਸ਼ਹਿਰ ਦੇ ਵਿਕਾਸ ਲਈ ਵਚਨਬੱਧ – ਬਾਜਵਾ

ਬਟਾਲਾ, 7 ਅਗਸਤ ( ਮੰਨਨ ਸੈਣੀ ) – ਧਾਰਮਿਕ ਅਤੇ ਇਤਿਹਾਸਕ ਨਗਰ ਬਟਾਲਾ ਸ਼ਹਿਰ ਦੇ ਵਿਕਾਸ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ। ਰਾਜ ਸਰਕਾਰ ਵਲੋਂ ਬਟਾਲਾ ਸ਼ਹਿਰ ਦੀ 100 ਫੀਸਦੀ ਵਸੋਂ ਨੂੰ ਜਲ ਸਪਲਾਈ ਤੇ ਸੀਵਰੇਜ ਸਹੂਲਤ ਨਾਲ ਜੋੜਨ ਦੇ ਯਤਨ ਜਾਰੀ ਹਨ ਅਤੇ ਇਸ ਮਕਸਦ ਤਹਿਤ ਸ਼ਹਿਰ ਵਿੱਚ 141 ਕਰੋੜ ਦੀ ਲਾਗਤ ਨਾਲ ਅਮੁਰਤ ਯੋਜਨਾ ਉੱਪਰ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ। ਸੂਬਾ ਸਰਕਾਰ ਵਲੋਂ ਜਿਥੇ ਬਟਾਲਾ ਸ਼ਹਿਰ ਵਿੱਚ ਸੀਵਰੇਜ਼ ਪਾਇਆ ਜਾ ਰਿਹਾ ਹੈ ਓਥੇ ਸ਼ਹਿਰੋਂ ਬਾਹਰਵਾਰ ਨਵਾਂ ਪਿੰਡ ਦੇ ਨਜਦੀਕ ਇੱਕ ਵੱਡਾ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦੀ ਪ੍ਰੀਕ੍ਰਿਆ ਵੀ ਜਾਰੀ ਹੈ ਤਾਂ ਜੋ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਦੇ ਕੰਮ ਲਿਆਂਦਾ ਜਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਚੇਰੀ ਸਿੱਖਿਆ ਤੇ ਭਸ਼ਾਵਾਂ ਬਾਰੇ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਸ਼ਹਿਰ ਲਈ ਬਣਨ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਉੱਪਰ 43 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਨਵਾਂ ਪਿੰਡ ਦੇ ਨਜ਼ਦੀਕ ਹੰਸਲੀ ਨਾਲੇ ਦੇ ਕੋਲ 6 ਏਕੜ ਜ਼ਮੀਨ ਵਿੱਚ ਇਹ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਹ ਸਾਰਾ ਪ੍ਰੋਜੈਕਟ ਪਾਸ ਕੀਤਾ ਹੋਇਆ ਹੈ ਅਤੇ ਹੁਣ ਇਸ ਨੂੰ ਸਥਾਪਤ ਕਰਨ ਦੀ ਕਾਰਵਾਈ ਚੱਲ ਰਹੀ ਹੈ। ਸ. ਬਾਜਵਾ ਨੇ ਕਿਹਾ ਕਿ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਦੇ ਕੰਮ ਲਿਆਂਦਾ ਜਾ ਸਕੇਗਾ ਜਿਸ ਨਾਲ ਜ਼ਮੀਨ ਹੇਠਲੇ ਪਾਣੀ ਦੀ ਬਚਤ ਹੋ ਸਕੇਗੀ।

ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਬਟਾਲਾ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬਟਾਲਾ ਸ਼ਹਿਰ ਦਾ ਰਿਕਾਰਡ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਵਿਕਾਸ ਬਟਾਲਾ ਦਾ ਕੈਪਟਨ ਸਰਕਾਰ ਸਮੇਂ ਹੋਇਆ ਹੈ ਓਨ੍ਹਾਂ ਪਹਿਲਾਂ ਕਦੀ ਨਹੀਂ ਹੋਇਆ। ਸ. ਬਾਜਵਾ ਨੇ ਕਿਹਾ ਕਿ ਬਟਾਲਾ ਸ਼ਹਿਰ ਸੂਬੇ ਵਿੱਚ ਆਪਣਾ ਖਾਸ ਮੁਕਾਮ ਰੱਖਦਾ ਹੈ ਅਤੇ ਰਾਜ ਸਰਕਾਰ ਵਲੋਂ ਇਸ ਸ਼ਹਿਰ ਦੇ ਵਿਕਾਸ ਵਿੱਚ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।  

Exit mobile version