ਬੇਅਦਬੀ ਮਾਮਲੇ ਸਬੰਧੀ ਵਿਸ਼ੇਸ ਜਾਂਚ ਟੀਮ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ-ਐਸ.ਐਸ.ਪੀ ਸੋਹਲ

SSP RAJINDER SOHAL

ਵਿਸ਼ੇਸ ਜਾਂਚ ਟੀਮ ਵਲੋਂ ਪੇਸ਼ੇਵਾਰ ਢੰਗ ਨਾਲ ਮਾਮਲੇ ਦੀ ਡੂੰਘੀ ਜਾਂਚ ਪੜਤਾਲ ਕਰਨ ਉਪਰੰਤ ਡੇਰਾ ਮੁਖੀ ਦਾ ਨਾਮ ਜੋੜਿਆ
ਬੇਅਦਬੀ ਮਾਮਲੇ ਵਿਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ

ਗੁਰਦਾਸਪੁਰ, 6 ਜੁਲਾਈ (ਮੰਨਨ ਸੈਣੀ) 2015 ਵਿਚ ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿਚ ‘ਵਿਸ਼ੇਸ ਜਾਂਚ ਟੀਮ’ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਐਸ.ਐਸ.ਪੀ ਗੁਰਦਾਸਪੁਰ ਸ. ਰਜਿੰਦਰ ਸਿੰਘ ਸੋਹਲ ਵੀ ਮੈਂਬਰ ਹਨ, ਵਲੋਂ ਪੇਸ਼ੇਵਾਰ ਤਰੀਕੇ ਅਤੇ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰਦੇ ਹੋਏ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਮ ਇਸ ਮਾਮਲੇ ਵਿਚ ਜੋੜਿਆ ਗਿਆ ਹੈ।

ਗੱਲਬਾਤ ਦੌਰਾਨ ਐਸ.ਐਸ.ਪੀ ਸੋਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਦਾਲਤੀ ਲੜਾਈ ਲੜਣ ਤੋਂ ਬਾਅਦ ਸੀ.ਬੀ.ਆਈ ਨੇ ਇਹ ਕੇਸ ਵਾਪਸ ਪੰਜਾਬ ਸਰਕਾਰ ਨੂੰ ਵਾਪਸ ਦੇ ਦਿੱਤਾ ਸੀ ਤੇ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿਚ ਵਿਸੇਸ ਜਾਂਚ ਟੀਮ ਦਾ ਗਠਨ ਕੀਤਾ ਸੀ, ਜਿਸ ਵਿਚ ਐਸ.ਐਸ.ਪੀ ਗੁਰਦਾਸਪੁਰ ਰਜਿੰਦਰ ਸਿੰਘ ਸੋਹਲ, ਡੀ.ਐਸ.ਪੀ ਲਖਬੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਮੈਂਬਰ ਵਜੋਂ ਸ਼ਾਮਿਲ ਹਨ।

ਐਸ.ਐਸ.ਪੀ ਸੋਹਲ ਨੇ ਦੱਸਿਆ ਕਿ ਬੇਅਦਬੀ ਮਾਮਲੇ ਨਾਲ ਗੁਰੂ ਨਾਨਕ ਨਾਮ ਲੇਵਾ ਕਰੋੜਾਂ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਵਿਸ਼ੇਸ ਜਾਂਚ ਟੀਮ ਵਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੇਸ਼ੇਵਾਰ ਢੰਗ ਨਾਲ ਲੰਬੀ ਜਾਂਚ ਪੜਤਾਲ ਕੀਤੀ ਗਈ ਅਤੇ ਡੂੰਘੀ ਪੜਤਾਲ ਕਰਨ ਉਪਰੰਤ ਵਿਸ਼ੇਸ ਜਾਂਚ ਟੀਮ ਵਲੋਂ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਗੁਰਮੀਤ ਰਾਮ ਰਹੀਮ ਦਾ ਨਾਮ ਇਸ ਮਾਮਲੇ ਵਿਚ ਜੋੜਿਆ ਗਿਆ ਹੈ।
ਉਨਾਂ ਅੱਗੇ ਕਿਹਾ ਕਿ ਬੇਅਦਬੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਇਸ ਮਾਮਲੇ ਵਿਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

Exit mobile version