ਚੇਅਰਮੈਨ ਰਵੀਨੰਦਨ ਬਾਜਵਾ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 91 ਡਿਸਪੈਂਸਰੀਆਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਦੇ ਨਿਰਦੇਸ਼ ਦਿੱਤੇ

ਪਿੰਡਾਂ ਵਿੱਚ ਮਨਰੇਗਾ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ

ਬਟਾਲਾ, 20 ਮਈ – ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਸ. ਰਵੀਨੰਦਨ ਸਿੰਘ ਬਾਜਵਾ ਨੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਿਲ੍ਹਾ ਗੁਰਦਾਸਪੁਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਅਧੀਨ ਚੱਲ ਰਹੀਆਂ 91 ਪੇਂਡੂ ਡਿਸਪੈਂਸਰੀਆਂ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਕਾਰਜ ਅਰੰਭ ਕਰਨ। 
ਚੇਅਰਮੈਨ ਸ. ਰਵੀਨੰਦਨ ਸਿੰਘ ਬਾਜਵਾ ਅੱਜ ਆਪਣੇ ਦਫ਼ਤਰ ਵਿਖੇ ਵਧੀਕ ਡਿਪਟੀ ਕਮਸ਼ਿਨਰ (ਵਿਕਾਸ)  ਗੁਰਦਾਸਪੁਰ ਸ. ਬਲਰਾਜ ਸਿੰਘ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। 

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਚੇਅਰਮੈਨ ਸ. ਬਾਜਵਾ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ 91 ਡਿਸਪੈਂਸਰੀਆਂ ਦੀ ਬਿਲਡਿੰਗ ਦੀ ਮੁਰੰਮਤ ਅਤੇ ਰੰਗ ਕਰਨ ਦੇ ਨਾਲ ਚਾਰ ਦੀਵਾਰੀ ਨੂੰ ਰੰਗ ਰੋਗਨ ਕੀਤਾ ਜਾਵੇ, ਮਰੀਜ਼ਾਂ ਦੇ ਬੈਠਣ ਲਈ ਫਰਨੀਚਰ, ਬਾਥਰੂਮ/ਟਾਇਲਟ ਆਦਿ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਉੱਪਰ ਜੋ ਲਾਗਤ ਆਉਣੀ ਹੈ ਉਸਦਾ ਐਸਟੀਮੇਟ ਤਿਆਰ ਕੀਤਾ ਜਾਵੇ ਤਾਂ ਜੋ ਜਲਦੀ ਹੀ ਇਨ੍ਹਾਂ ਡਿਸਪੈਂਸਰੀਆਂ ਦੀ ਨੁਹਾਰ ਬਦਲੀ ਜਾ ਸਕੇ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਡਿਸਪੈਂਸਰੀਆਂ ਦੇ ਡਾਕਟਰਾਂ ਅਤੇ ਹੋਰ ਅਮਲੇ ਦੀ ਕੋਰੋਨਾ ਜੰਗ ਵਿੱਚ ਦਿੱਤੀਆਂ ਜਾ ਰਹੀਆਂ ਮਿਸਾਲੀ ਸੇਵਾਵਾਂ ਲਈ ਸਰਾਹਨਾ ਵੀ ਕੀਤੀ। 

ਮੀਟਿੰਗ ਵਿੱਚ ਚੇਅਰਮੈਨ ਸ. ਬਾਜਵਾ ਨੇ ਮਨਰੇਗਾ ਅਧੀਨ ਵੱਖ-ਵੱਖ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜਾ ਵੀ ਲਿਆ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਤਹਿ ਸਮੇਂ ਸੀਮਾਂ ਅੰਦਰ ਛੱਪੜਾਂ ਦੀ ਸਫਾਈ ਸੀਚੇਵਾਲ ਮਾਡਲ ਤਹਿਤ ਕੀਤੀ ਜਾਵੇ। ਉਨ੍ਹਾਂ ਨੇ ਮਨਰੇਗਾ ਤਹਿਤ ਚੱਲ ਰਹੇ ਹੋਰ ਵਿਕਾਸ ਕਾਰਜਾਂ ਵਿੱਚ ਵੀ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ।

ਇਸ ਮੌਕੇ ਸ਼੍ਰੀ ਬਲਰਾਜ ਸਿੰਘ ਏ.ਡੀ.ਸੀ. (ਵਿਕਾਸ), ਸ਼੍ਰੀ ਬੱਧੀਰਾਜ ਸਿੰਘ ਜ਼ਿਲ੍ਹਾ ਪ੍ਰਰੀਸ਼ਦ ਸੈਕਟਰੀ, ਸ਼੍ਰੀ ਰਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਸ਼੍ਰੀ ਰਾਜ ਕੁਮਾਰ ਐਕਸੀਨ ਅਤੇ ਸਮੂਹ ਬੀ.ਡੀ.ਪੀ.ਓਜ਼, ਸਿਕੰਦਰ ਸਿੰਘ ਪੀ.ਏ. ਅਤੇ ਸਮੂਹ ਮਨੇਰਗਾ ਸਟਾਫ ਹਾਜ਼ਰ ਸੀ।

Exit mobile version