ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਹਜੂਰ ਸਾਹਿਬ ਤੋਂ 27 ਸ਼ਰਧਾਲੂ ਵਾਪਸ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਰਤੇ

Checking

ਹਨੂਮਨਾਗੜ੍ਹ ਤੋਂ 22 ਅਤੇ ਕੋਟਾ ਤੋਂ 13 ਵਿਅਕਤੀ ਵੀ ਵਾਪਸ ਆਪਣੇ ਜ਼ਿਲ੍ਹੇ ਵਿੱਚ ਪਹੁੰਚੇ

ਸਿਹਤ ਵਿਭਾਗ ਵਲੋਂ ਦੂਜੇ ਰਾਜਾਂ ਤੋਂ ਆਏ ਵਿਅਕਤੀਆਂ ਦਾ ਕੀਤਾ ਜਾ ਰਿਹਾ ਡਾਕਟਰੀ ਮੁਆਇਨਾ

ਸਾਰੇ ਵਿਅਕਤੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਕਰਨ ਦੇ ਆਦੇਸ

ਬਟਾਲਾ, 27 ਅਪ੍ਰੈਲ। ਪੰਜਾਬ ਸਰਕਾਰ ਦੇ ਸਾਰਥਕ ਯਤਨਾਂ ਸਦਕਾ ਸ੍ਰੀ ਹਜੂਰ ਸਾਹਿਬ, ਨਾਂਦੇੜ ਤੋਂ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਸੰਗਤ ਦੀ ਵਾਪਸੀ ਸੁਰੂ ਹੋ ਚੁੱਕੀ ਹੈ। ਬੱਸਾਂ ਰਾਹੀ ਪਰਤੀ ਸੰਗਤ ਦਾ ਰਾਧਾ ਸੁਆਮੀ ਸਤਿਸੰਗ ਘਰ ਬਟਾਲਾ ਵਿਖੇ ਸਮਾਜਿਕ ਦੂਰੀ ਦਾ ਖਿਆਲ ਰੱਖਦੇ ਹੋਏ ਮੈਡੀਕਲ ਟੈਸਟ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਬਾਹਰਲੇ ਰਾਜਾਂ ਤੋਂ ਆਏ ਸਾਰੇ ਵਿਅਕਤੀਆਂ ਨੂੰ 14 ਦਿਨਾਂ ਲਈ ਘਰ ’ਚ ਇਕਾਂਤਵਾਸ ਲਈ ਆਦੇਸ਼ ਜਾਰੀ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਕੁਝ ਸਰਧਾਲੂ ਸ੍ਰੀ ਹਜੂਰ ਸਾਹਿਬ ਵਿਖੇ ਗਏ ਸਨ ਪਰ ਅਚਾਨਕ ਹੋਏ ਲਾਕਡਾਊਨ ਕਾਰਨ ਉਥੇ ਹੀ ਫਸ ਗਏ ਸਨ। ਉਨ੍ਹਾਂ ਦੱਸਿਆ ਸ਼੍ਰੀ ਹਜ਼ੂਰ ਸਾਹਿਬ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ 27 ਸ਼ਰਧਾਲੂ ਬਟਾਲਾ ਪਹੁੰਚੇ ਹਨ ਜਿਨ੍ਹਾਂ ਦਾ ਮੈਡੀਕਲ ਚੈਕਅਪ ਕਰਨ ਉਪਰੰਤ ਉਨ੍ਹਾਂ ਨੂੰ ਸੈਕਟਰ ਮੈਜਿਸਟਰੇਟ ਅਤੇ ਬੀ.ਐੱਲ.ਓਜ਼ ਰਾਹੀਂ ਉਨ੍ਹਾਂ ਨੂੰ ਘਰਾਂ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਂਵੇ ਇਨ੍ਹਾਂ ਵਿੱਚ ਕੋਈ ਕੋਰੋਨਾ ਦਾ ਲੱਛਣ ਨਹੀਂ ਹੈ ਪਰ ਫਿਰ ਵੀ ਸਾਰਿਆਂ ਨੂੰ 14 ਦਿਨ ਘਰਾਂ ਵਿੱਚ ਕੁਆਰੰਟਾਈਨ ਕੀਤਾ ਜਾਵੇਗਾ।

ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਹਜ਼ੂਰ ਸਾਹਿਬ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ 22 ਵਿਅਕਤੀ ਹਨੂਮਨਾਗੜ੍ਹ ਅਤੇ 13 ਵਿਅਕਤੀ ਰਾਜਸਥਾਨ ਦੇ ਹੀ ਕੋਟਾ ਤੋਂ ਆਏ ਹਨ। ਇਨ੍ਹਾਂ ਸਾਰੇ ਵਿਅਕਤੀਆਂ ਦਾ ਵੀ ਮੈਡੀਕਲ ਕੀਤਾ ਗਿਆ ਹੈ ਅਤੇ ਉਪਰੰਤ ਉਨ੍ਹਾਂ ਦੇ ਘਰਾਂ ਤੱਕ ਛੱਡਿਆ ਗਿਆ ਹੈ ਜਿਥੇ ਇਹ 14 ਦਿਨ ਇਕਾਂਤਵਾਸ ਵਿੱਚ ਰਹਿਣਗੇ।

ਐੱਸ.ਡੀ.ਐੱਮ. ਬਟਾਲਾ ਨੇ ਦੱਸਿਆ ਕਿ ਇਨ੍ਹਾਂ ਸਰਧਾਲੂਆਂ ਦੀ ਘਰ ਵਾਪਸੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਭਾਰਤ ਸਰਕਾਰ ਅਤੇ ਮਹਾਰਾਸ਼ਟਰ ਸੂਬਾਈ ਸਰਕਾਰ ਨਾਲ ਰਾਬਤਾ ਕਰਕੇ ਇਨ੍ਹਾਂ ਲਈ ਸੁਰੱਖਿਅਤ ਰਾਹਦਾਰੀ ਦਾ ਪ੍ਰਬੰਧ ਕੀਤਾ ਸੀ। ਇਸ ਤੋਂ ਬਿਨਾਂ ਜਿਨ੍ਹਾਂ ਰਾਜਾਂ ਵਿਚੋਂ ਇਨ੍ਹਾਂ ਸਰਧਾਲੂਆਂ ਦੀਆਂ ਬੱਸਾਂ ਨੇ ਲੰਘ ਕੇ ਆਉਣਾ ਸੀ ਉਨ੍ਹਾਂ ਨਾਲ ਵੀ ਪੰਜਾਬ ਸਰਕਾਰ ਵੱਲੋਂ ਮੁਕੰਮਲ ਤਾਲਮੇਲ ਕੀਤਾ ਗਿਆ ਸੀ ਤਾਂ ਜੋ ਰਾਸਤੇ ਵਿਚ ਇਨ੍ਹਾਂ ਸਰਧਾਲੂਆਂ ਨੂੰ ਕੋਈ ਸਮੱਸਿਆ ਪੇਸ ਨਾ ਆ ਸਕੇ।

ਇਸ ਮੌਕੇ ਬਟਾਲਾ ਪਹੁੰਚੇ ਸਰਧਾਲੂਆਂ ਨੇ ਪੰਜਾਬ ਸਰਕਾਰ ਦਾ ਵਿਸੇਸ ਤੌਰ ‘ਤੇ ਧੰਨਵਾਦ ਕੀਤਾ ਜਿਸ ਨੇ ਲਗਾਤਾਰ ਭਾਰਤ ਸਰਕਾਰ ਅਤੇ ਦੂਜੀਆਂ ਰਾਜ ਸਰਕਾਰਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਵਾਪਸੀ ਲਈ ਰਾਹਦਾਰੀ ਦਾ ਪ੍ਰਬੰਧ ਕੀਤਾ।    

Exit mobile version