ਤੇਜਬੀਰ ਸਿੰਘ ਹੁੰਦਲ ਨੇ ਐੱਸ.ਪੀ. (ਇਨਵੈਸਟੀਗੇਸ਼ਨ) ਬਟਾਲਾ ਦਾ ਅਹੁਦਾ ਸੰਭਾਲਿਆ

S P Hundal

ਬਟਾਲਾ, 23 ਅਪ੍ਰੈਲ – ਪੰਜਾਬ ਪੁਲਿਸ ਦੇ ਪੀ.ਪੀ.ਐੱਸ. ਅਧਿਕਾਰੀ ਤੇਜਬੀਰ ਸਿੰਘ ਹੁੰਦਲ ਨੇ ਅੱਜ ਐੱਸ.ਪੀ. (ਇਨਵੈਸਟੀਗੇਸ਼ਨ) ਪੁਲਿਸ ਜ਼ਿਲ੍ਹਾ ਬਟਾਲਾ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਐੱਸ.ਪੀ. ਹੁੰਦਲ ਸੁਲਤਾਨਪੁਰ ਲੋਧੀ ਤੋਂ ਬਦਲ ਕੇ ਬਟਾਲਾ ਵਿਖੇ ਆਏ ਹਨ ਅਤੇ ਉਨ੍ਹਾਂ ਨੇ ਐੱਸ.ਪੀ ਸੂਬਾ ਸਿੰਘ ਦੀ ਥਾਂ ਚਾਰਜ ਸੰਭਾਲਿਆ ਹੈ।

ਅੱਜ ਅਹੁਦਾ ਸੰਭਾਲਣ ਉਪਰੰਤ ਐੱਸ.ਪੀ. ਤੇਜਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਕੋਵਿਡ-19 ਦੀ ਜੰਗ ਅਤੇ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪੁਲਿਸ ਜ਼ਿਲ੍ਹਾ ਬਟਾਲਾ ਦੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਉਨ੍ਹਾਂ ਲਈ ਸਭ ਤੋਂ ਉੱਪਰ ਹੈ ਅਤੇ ਉਹ ਇਸ ਵਿੱਚ ਕੋਈ ਕੁਤਾਹੀ ਨਹੀਂ ਕਰਨਗੇ। ਉਨ੍ਹਾਂ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਬਟਾਲਾ ਪੁਲਿਸ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੈ ਅਤੇ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਹੋਵੇ ਤਾਂ ਉਹ ਨਿਰ-ਸੰਕੋਚ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।  

ਐੱਸ.ਪੀ. ਤੇਜਬੀਰ ਸਿੰਘ ਹੁੰਦਲ ਨੇ ਸਾਲ 2003 ’ਚ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਡਿਊਟੀ ਸ਼ੁਰੂ ਕੀਤੀ ਸੀ ਅਤੇ ਉਸ ਤੋਂ ਬਾਅਦ ਵੱਖ-ਵੱਖ ਸਬ ਡਵੀਜਨਾਂ ’ਚ ਬਤੌਰ ਡੀਐੱਸਪੀ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਮਾਰਚ 2019 ’ਚ ਉਨ੍ਹਾਂ ਨੇ ਬਤੌਰ ਐੱਸਪੀ ਸੁਲਤਾਨਪੁਰ ਲੋਧੀ ’ਚ ਆਹੁਦਾ ਸੰਭਾਲਿਆ ਸੀ ਅਤੇ ਉਨ੍ਹਾਂ ਨੂੰ 550 ਸਾਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜਾ ਮੌਕੇ ਵਿਸ਼ੇਸ਼ ਸੇਵਾਵਾਂ ਦੇਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਸੀ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਰੇ ਨਗਰ ਬਟਾਲਾ ਵਿਖੇ ਸੇਵਾ ਕਰਨ ਦਾ ਜੋ ਮਾਣ ਉਨ੍ਹਾਂ ਨੂੰ ਪ੍ਰਾਪਤ ਹੋਇਆ ਹੈ ਉਹ ਇਸ ਨੂੰ ਲੋਕ ਸੇਵਕ ਬਣ ਕੇ ਨਿਭਾਉਣਗੇ।

Exit mobile version