ਏ.ਡੀ.ਸੀ. ਸੰਧੂ ਵਲੋਂ ਬਟਾਲਾ ਸ਼ਹਿਰ ਵਿੱਚ ਕਰਫਿਊ ਦੀ ਸਥਿਤੀ ਦਾ ਜਾਇਜਾ

adc sandhu

ਸਰਕਾਰ ਵਲੋਂ ਇਹ ਕਰਫਿਊ ਮਾਨਵਤਾ ਦੀ ਭਲਾਈ ਲਈ ਲਗਾਇਆ ਗਿਆ – ਸੰਧੂ

ਹਰ ਨਾਗਰਿਕ ਸਵੈ-ਇੱਛਾ ਨਾਲ ਕਰਫਿਊ ਦੀ ਪਾਲਣ ਕਰੇ

ਬਟਾਲਾ, 24 ਮਾਰਚ – ਕੋਵਿਡ-19 – ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਪੂਰੇ ਜ਼ਿਲ੍ਹੇ ਵਿੱਚ ਅਣਮਿੱਥੇ ਸਮੇਂ ਲਈ ਲਗਾਏ ਗਏ ਕਰਫਿਊ ਦਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ. ਤਜਿੰਦਰਪਾਲ ਸਿੰਘ ਸੰਧੂ ਵਲੋਂ ਅੱਜ ਬਟਾਲਾ ਵਿਖੇ ਜਾਇਜਾ ਲਿਆ ਗਿਆ। ਵਧੀਕ ਡਿਪਟੀ ਕਮਿਸ਼ਨਰ ਸ. ਸੰਧੂ ਨੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਡੀ.ਐੱਸ.ਪੀ. ਬਾਲ ਕ੍ਰਿਸ਼ਨ ਸ਼ਰਮਾਂ ਅਤੇ ਤਹਿਸੀਲਦਾਰ ਬਟਾਲਾ ਸ. ਬਲਜਿੰਦਰ ਸਿੰਘ ਨਾਲ ਸ਼ਹਿਰ ਦਾ ਦੌਰਾ ਕੀਤਾ ਅਤੇ ਕਰਫਿਊ ਦੌਰਾਨ ਪੁਲਿਸ ਦੀ ਨਾਕਾਬੰਦੀ ਦਾ ਨਿਰੀਖਣ ਕੀਤਾ।

ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਹ ਕਰਫਿਊ ਮਾਨਵਤਾ ਦੀ ਭਲਾਈ ਲਈ ਲਗਾਇਆ ਗਿਆ ਹੈ ਅਤੇ ਹਰ ਨਾਗਰਿਕ ਨੂੰ ਇਸਦਾ ਸਵੈ-ਇੱਛਾ ਨਾਲ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਆਪਣੇ ਘਰ ਵਿੱਚ ਰਹਿ ਕੇ ਜਿਥੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਤੋਂ ਬਚਾਇਆ ਜਾ ਸਕਦਾ ਹੈ ਉਥੇ ਇਸ ਨੂੰ ਫੈਲਣ ਤੋਂ ਵੀ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੇ ਘਰ ਅੰਦਰ ਰਹੇ ਤਾਂ ਕੋਰੋਨਾ ਵਾਇਰਸ ਦੀ ਲੜ੍ਹੀ ਨੂੰ ਤੋੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਮੁਰਾਦ ਵਾਇਰਸ ਤੋਂ ਬਚਾਅ ਲਈ ਸਾਨੂੰ ਆਪਣੇ ਹੱਥਾਂ ਨੂੰ ਬਾਰ-ਬਾਰ ਸਾਬਣ ਨਾਲ ਧੋਣਾ ਚਾਹੀਦਾ ਹੈ ਅਤੇ ਦੂਸਰੇ ਵਿਅਕਤੀ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਰੱਖਣੀ ਚਾਹੀਦੀ ਹੈ। ਕਿਸੇ ਨਾਲ ਹੱਥ ਨਹੀਂ ਮਿਲਾਉਣਾ ਚਾਹੀਦਾ ਅਤੇ ਭੀੜ ਵਿੱਚ ਤਾਂ ਬਿਲਕੁਲ ਨਹੀਂ ਜਾਣਾ ਚਾਹੀਦਾ। ਏ.ਡੀ.ਸੀ. ਸ. ਤਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਵਾਇਰਸ ਤੋਂ ਬਚਣ ਲਈ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਬਟਾਲਾ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਦਾ ਜਾਇਜਾ ਵੀ ਲਿਆ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਰੋਜ਼ ਸ਼ਹਿਰ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਨਾਲ ਹੀ ਰੋਜ਼ਾਨਾ ਇਕੱਤਰ ਹੋਏ ਕੂੜੇ ਨੂੰ ਡੰਪ ਤੱਕ ਲਿਜਾਇਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਰਫਿਊ ਦੌਰਾਨ ਇਹ ਯਕੀਨੀ ਬਣਾ ਰਿਹਾ ਹੈ ਕਿ ਕਿਸੇ ਵੀ ਸ਼ਹਿਰੀ ਨੂੰ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਹਰ ਸ਼ਹਿਰੀ ਤੱਕ ਦੁੱਧ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੁੱਧ ਲੈਣ ਸਮੇਂ ਭੀੜ ਬਿਲਕੁਲ ਨਾ ਪਾਉਣ ਅਤੇ ਇੱਕ ਦੂਜੇ ਤੋਂ ਇੱਕ ਮੀਟਰ ਤੋਂ ਵੱਧ ਦੂਰੀ ਰੱਖ ਕੇ ਹੀ ਦੁੱਧ ਦੀ ਖਰੀਦ ਕਰਨ।

ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸਫ਼ਾਈ ਕਰਮੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਰੋਜ਼ਾਨਾਂ ਸ਼ਹਿਰ ਦੀ ਸਫ਼ਾਈ ਕਰਨ। ਇਸਦੇ ਨਾਲ ਹੀ ਸ਼ਹਿਰ ਦੇ ਕੂੜੇ ਨੂੰ ਸ਼ਹਿਰੋਂ ਬਾਹਰ ਲਿਜਾਣ ਦੇ ਪ੍ਰਬੰਧ ਵੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਪੂਰੀ ਟੀਮ ਲੋਕਾਂ ਦੀ ਸਹੂਲਤ ਲਈ ਤਾਇਨਾਤ ਹੈ ਅਤੇ ਕਰਫਿਊ ਦੌਰਾਨ ਜੇ ਕਿਸੇ ਸ਼ਹਿਰੀ ਨੂੰ ਕੋਈ ਸਹਾਇਤਾ ਚਾਹੀਦੀ ਹੋਵੇ ਜਾਂ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਕੰਟਰੋਲ ਰੂਮ ਦੇ ਨੰਬਰ 01871-240036 ਉੱਪਰ ਸੰਪਰਕ ਕਰ ਸਕਦਾ ਹੈ।    

Exit mobile version