ਗੁਰਦਾਸਪੁਰ ਦੇ ਭਾਜਪਾ ਆਗੂ ਖਿਲਾਫ਼ ਹੋਇਆ ਇਰਾਦਾ ਕਤਲ ਦਾ ਮਾਮਲਾ ਦਰਜ਼

FIR

ਗੁਰਦਾਸਪੁਰ, 22 ਅਪ੍ਰੈਲ 2024 (ਦੀ ਪੰਜਾਬ ਵਾਇਰ)। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਗੁਰਦਾਸਪੁਰ ਨਿਯੁਕਤ ਜਨਰਲ ਸਕੱਤਰ ਅਤੇ ਸਾਬਕਾ ਕੌਂਸਲਰ ਰਹੇ ਵਿਕਾਸ ਗੁਪਤਾ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿੱਚ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ’ਤੇ ਇੱਕ ਪੈਸੇ ਦੇ ਲੈਣ-ਦੇਣ ਦੇ ਚਲਦਿਆਂ ਫਰੂਟ ਵੇਚਣ ਵਾਲੇ ਅਤੇ ਉਸ ਦਿਨ ਰਿਸ਼ਤੇਦਾਰਾਂ ’ਤੇ ਹਮਲਾ ਕਰ ਜ਼ਖਮੀ ਕਰਨ ਦਾ ਦੋਸ਼ ਹੈ।

ਇਹ ਮਾਮਲਾ ਸਤਪਾਲ ਪੁੱਤਰ ਰਾਧਾ ਰਾਮ ਵਾਸੀ ਕੱਦਾ ਵਾਲੀ ਪੁਰਾਣੀ ਦਾਣਾ ਮੰਡੀ ਗੁਰਦਾਸਪੁਰ ਨੇ ਪੁਲਿਸ ਨੂੰ ਲਿਖਾਈ ਸ਼ਿਕਾਇਤ ਦੇ ਆਧਾਰ ਤੇ ਕੀਤਾ ਗਿਆ ਹੈ। ਜਿਸ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਹ ਆਪਣੇ ਬੇਟੇ ਰਾਕੇਸ ਕੁਮਾਰ ਅਤੇ ਕਮਲਜੀਤ ਕੁਮਾਰ ਦੇ ਨਾਲ ਮਿਲਕ ਪਲਾਟ ਵੇਰਕਾ ਚੋਂਕ ਗੁਰਦਾਸਪੁਰ ਦੇ ਨਜਦੀਕ ਫਰੂਟ ਦੀ ਫੜੀ ਲਗਾਉਂਦਾ ਹੈ।ਮਿਤੀ 10 ਅਪ੍ਰੈਲ ਨੂੰ ਸਵੇਰੇ 10.15 ਵਜੇ ਦੇ ਕਰੀਬ ਵਿਕਾਸ ਗੁਪਤਾ ਆਪਣੇ ਸਾਥੀ ਰਾਹੁਲ ਨਾਲ ਉਸ ਦੀ ਫੜੀ ’ਤੇ ਆਏ ਅਤੇ ਆਉਦੇ ਹੀ ਉਸ ਨੂੰ ਗਾਲੀ ਗਲੋਚ ਕਰਨ ਲੱਗ ਪਿਆ ਤੇ ਦੋਸ਼ੀ ਨੇ ਦਸਤੀ ਰਾਡ ਨਾਲ ਨਾਲ ਸੱਟਾਂ ਮਾਰ ਕੇ ਮੁਦਈ ਨੂੰ ਜ਼ਖ਼ਮੀ ਕਰ ਦਿੱਤਾ। ਉਸ ਵਲੋਂ ਰੌਲਾ ਪਾਉਣ ’ਤੇ ਉਸਦਾ ਭਰਾ ਅਜੀਤ ਰਾਮ ਤੇ ਲੜਕਾ ਕਮਲਜੀਤ ਮੌਕੇ ’ਤੇ ਆ ਗਏ ਜਿਹਨਾਂ ਨੂੰ ਦੇਖ ਕੇ ਦੋਸ਼ੀ ਆਪਣਾ ਮੋਟਰਸਾਇਕਲ ਮੌਕੇ ’ਤੇ ਛੱਡ ਕੇ ਧਮਕੀਆਂ ਦਿੰਦੇ ਹੋਏ ਐਕਟਿਵਾ ’ਤੇ ਸਵਾਰ ਹੋ ਕੇ ਦੋੜ ਗਏ।

 ਸ਼ਿਕਾਇਤ ਕਰਤਾ ਨੇ ਦੱਸਿਆ ਸੀ ਕਿ ਉਸ ਦੇ ਸਿਵਲ ਹਸਪਤਾਲ ਜਾਣ ਮਗਰੋਂ ਦੋਸ਼ੀ ਵਿਕਾਸ ਗੁਪਤਾ ਆਪਣੇ ਸਾਥੀਆਂ ਨਾਲ ਦੁਬਾਰਾ ਫੜੀ ’ਤੇ ਆਇਆ ਅਤੇ ਫੜੀ ’ਤੇ ਬੈਠੇ ਉਸਦੇ ਭਰਾ ਅਜੀਤ ਰਾਮ ਅਤੇ ਲੜਕੇ ਰਾਕੇਸ ਕੁਮਾਰ ਨੂੰ ਮਾਰ ਦੇਣ ਦੀ ਨਿਯਤ ਨਾਲ ਦਸਤੀ ਹਥਿਆਰਾ ਨਾਲ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਉਹ ਆਪਣੇ ਭਰਾ ਅਜੀਤ ਰਾਮ ਨਾਲ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜੇਰੇ ਇਲਾਜ ਰਿਹਾ ਹੈ ਅਤੇ ਉਸ ਦਾ ਲੜਕਾ ਜਿਆਦਾ ਸੱਟਾਂ ਲੱਗਣ ਕਰਕੇ ਅੰਮ੍ਰਿਤਸਰ ਵਿਖੇ ਜੇਰੇ ਇਲਾਜ ਹੈ।

ਉਧਰ ਤਫ਼ਤੀਸ਼ੀ ਅਫਸਰ ਨੇ ਦੱਸਿਆ ਕਿ ਭਾਜਪਾ ਆਗੂ ਵਿਕਾਸ ਗੁਪਤਾ ਪੁੱਤਰ ਵਿਜੇ ਗੁਪਤਾ ਵਾਸੀ ਮੁਹੱਲਾ ਇਸਲਾਮਾਬਾਦ ਗੁਰਦਾਸਪੁਰ ,ਉਸ ਦੇ ਨਾਲ ਰਾਹੁਲ  ਨਾਮ ਦੇ ਨੌਜਵਾਨ ਅਤੇ ਹੋਰ  ਨਾਮਾਲੂਮ ਵਿਅਕਤੀਆਂ ਖਿਲਾਫ 307,323,506,148,149 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦੀ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Exit mobile version