ਮੁੱਖ ਮੰਤਰੀ ਭਗਵੰਤ ਮਾਨ ਨੇ ਅਸਾਮ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਜਨਸਭਾ ਵਿੱਚ ਕੀਤੀ ਅਪੀਲ, 1 ਨੰਬਰ ਝਾੜੂ ਵਾਲਾ ਬਟਨ ਦਬਾ ਕੇ ਅਸਾਮ ਵਿੱਚ ਬਦਲਾਅ ਲਿਆਓ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਤੁਸੀਂ ਝਾੜੂ ਦਾ ਬਟਨ ਦਬਾਓ, ਤੁਹਾਡੀ ਦਿਹਾੜੀ 250 ਰੁਪਏ ਤੋਂ ਵਧਾ ਕੇ 450 ਰੁਪਏ ਕਰ ਦਵਾਂਗੇ, ਅਸੀਂ ਸਿਰਫ ਉਹ ਵਾਅਦੇ ਕਰਦੇ ਹਾਂ ਜੋ ਅਸੀਂ ਪੂਰੇ ਕਰ ਸਕਦੇ ਹਾਂ

ਕਿਹਾ – ਅਸਾਮ ਅਤੇ ਪੰਜਾਬ ਦੇ ਲੋਕਾਂ ਵਿਚ ਸਮਾਨਤਾ ਹੈ, ਦੋਵੇਂ ਆਪਣੀ ਸਭਿਅਤਾ ਅਤੇ ਸਭਿਆਚਾਰ ਨੂੰ ਅੱਗੇ ਵਧਾਉਣ ਵਾਲੇ ਲੋਕ ਹਨ

ਮੁਖ ਮੰਤਰੀ ਮਾਨ ਨੇ ਸਰਕਾਰੀ ਸਕੂਲਾਂ ਨੂੰ ਲੈ ਕੇ ਅਸਾਮ ਸਰਕਾਰ ‘ਤੇ ਬੋਲਿਆ ਹਮਲਾ, ਕਿਹਾ- ਮੁੱਖ ਮੰਤਰੀ ਦੀ ਪਤਨੀ ਦੇ ਆਪਣੇ ਨਿੱਜੀ ਸਕੂਲ ਹਨ, ਜਿਸ ਕਾਰਨ ਸਰਕਾਰੀ ਸਕੂਲਾਂ ‘ਚ ਸੁਧਾਰ ਨਹੀਂ ਹੋ ਰਿਹਾ

ਜੇਕਰ ਹਿਮੰਤਾ ਬਿਸਵਾ ਸ਼ਰਮਾ ਚਾਹੁੰਦੇ ਤਾਂ 20 ਸਾਲ ਪਹਿਲਾਂ ਸਰਕਾਰੀ ਸਕੂਲ ਅਤੇ ਹਸਪਤਾਲ ਬਣਵਾ ਸਕਦੇ ਸਨ ਕਿਉਂਕਿ ਉਹ ਕਾਂਗਰਸ ਸਰਕਾਰ ਵਿੱਚ ਸਿੱਖਿਆ ਅਤੇ ਸਿਹਤ ਮੰਤਰੀ ਸਨ – ਮਾਨ

2015 ਵਿੱਚ ਅਮਿਤ ਸ਼ਾਹ ਨੇ ਹਿਮੰਤਾ ਬਿਸਵਾ ਨੂੰ ਸਭ ਤੋਂ ਭ੍ਰਿਸ਼ਟ ਨੇਤਾ ਐਲਾਨਿਆ ਸੀ, ਪਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਦੁਧ ਧੋਤੇ ਹੋ ਗਏ, ਭਾਜਪਾ ਦੀ ਹਰ ਗੱਲ ਸਿਰਫ ਜੁਮਲਾ ਹੈ – ਮਾਨ

ਚੰਡੀਗੜ੍ਹ, 12 ਅਪ੍ਰੈਲ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਅਸਾਮ ਦੇ ਡਿਗਬੋਈ ਵਿੱਚ ਇੱਕ ਵਿਸ਼ਾਲ ਜਨਸਭਾ ਕੀਤੀ।  ਜਨ ਸਭਾ ਦੌਰਾਨ ਉਨ੍ਹਾਂ ਲੋਕਾਂ ਨੂੰ ‘ਆਪ’ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਅਸਾਮ ਅਤੇ ਪੰਜਾਬ ਦਾ ਬਹੁਤ ਪੁਰਾਣਾ ਰਿਸ਼ਤਾ ਹੈ। ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਅਤੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਅਸਾਮ ਆਏ ਹਨ।  ਉਨਾਂ ਦੇ ਇਥੇ ਗੁਰਦੁਆਰਾ ਸਾਹਿਬ ਵੀ ਹਨ।

ਉਨ੍ਹਾਂ ਕਿਹਾ ਕਿ ਅਸਾਮ ਅਤੇ ਪੰਜਾਬ ਦੇ ਲੋਕਾਂ ਵਿੱਚ ਕਈ ਸਮਾਨਤਾਵਾਂ ਹਨ।  ਦੋਵੇਂ ਆਪਣੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਅੱਗੇ ਵਧਾਉਣ ਵਾਲੇ ਲੋਕ ਹਨ।  ਅਸਾਮ ਅਤੇ ਪੰਜਾਬ ਦੇ ਨਾਚ ਵੀ ਰਾਸ਼ਟਰੀ ਪੱਧਰ ‘ਤੇ ਬਹੁਤ ਮਸ਼ਹੂਰ ਹਨ।  ਦੋਵਾਂ ਥਾਵਾਂ ਦੇ ਲੋਕ ਨਾਚ ਅਤੇ ਗੀਤਾਂ ਰਾਹੀਂ ਆਪਣੇ ਤਿਉਹਾਰ ਮਨਾਉਂਦੇ ਹਨ।

ਉਨ੍ਹਾਂ ਕਿਹਾ ਕਿ ਦੋਵੇਂ ਸੂਬੇ ਵੀ ਖੇਤੀ ਆਧਾਰਿਤ ਹਨ।  ਇੱਥੋਂ ਦੇ ਲੋਕ ਚਾਹ ਦੀ ਖੇਤੀ ਕਰਦੇ ਹਨ।  ਜਦੋਂ ਕਿ ਪੰਜਾਬ ਦੇ ਲੋਕ ਕਣਕ, ਚਾਵਲ, ਗੰਨਾ ਅਤੇ ਕਪਾਹ ਦੀ ਖੇਤੀ ਕਰਦੇ ਹਨ।  ਅਸੀਂ ਸਾਰੇ ਧਰਤੀ ਮਾਂ ਦੇ ਬੱਚੇ ਹਾਂ।  ਪਰ ਬਦਕਿਸਮਤੀ ਨਾਲ ਅੱਜ ਧਰਤੀ ਮਾਤਾ ਦੇ ਬੱਚੇ ਭੁੱਖ ਨਾਲ ਮਰ ਰਹੇ ਹਨ ਕਿਉਂਕਿ ਮੌਜੂਦਾ ਸਰਕਾਰ ਕਿਸਾਨਾਂ ਦੀ ਬਜਾਏ ਕਾਰਪੋਰੇਟ ਵਰਗ ਲਈ ਕੰਮ ਕਰ ਰਹੀ ਹੈ।

ਭਾਸ਼ਣ ਦੌਰਾਨ ਮਾਨ ਨੇ ਸਰਕਾਰੀ ਸਕੂਲਾਂ ਨੂੰ ਲੈ ਕੇ ਅਸਾਮ ਦੀ ਭਾਜਪਾ ਸਰਕਾਰ ਅਤੇ ਇਸ ਦੇ ਮੁੱਖ ਮੰਤਰੀ ਹਿਮੰਤ ਵਿਸ਼ਵਾ ਸ਼ਰਮਾ ‘ਤੇ ਤਿੱਖੇ ਹਮਲੇ ਕੀਤੇ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ਰਮਾ ਦੀ ਪਤਨੀ ਦੇ ਆਪਣੇ ਕਈ ਪ੍ਰਾਈਵੇਟ ਸਕੂਲ ਹਨ।  ਇਸੇ ਕਰਕੇ ਸਰਕਾਰੀ ਸਕੂਲਾਂ ਵਿੱਚ ਸੁਧਾਰ ਨਹੀਂ ਹੋ ਰਿਹਾ।

 ਜੇਕਰ ਉਹ ਚਾਹੁੰਦੇ ਤਾਂ 20 ਸਾਲ ਪਹਿਲਾਂ ਬਹੁਤ ਵਧੀਆ ਸਕੂਲ ਅਤੇ ਹਸਪਤਾਲ ਬਣਾ ਸਕਦੇ ਸਨ ਕਿਉਂਕਿ ਉਹ ਕਾਂਗਰਸ ਸਰਕਾਰ ਵਿੱਚ ਸਿੱਖਿਆ ਅਤੇ ਸਿਹਤ ਮੰਤਰੀ ਰਹਿ ਚੁੱਕੇ ਹਨ।  ਪਰ ਉਨਾਂ ਦੇ ਇਰਾਦੇ ਸਾਫ਼ ਨਹੀਂ ਸਨ।  ਇਸ ਲਈ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਅਜੇ ਵੀ ਮਾੜੀ ਹੈ।  ਜਦੋਂ ਮੁੱਖ ਮੰਤਰੀ ਦੇ ਆਪਣੇ ਨਿੱਜੀ ਸਕੂਲ ਹਨ ਤਾਂ ਉਹ ਸਰਕਾਰੀ ਸਕੂਲਾਂ ਨੂੰ ਕਿਉਂ ਠੀਕ ਕਰਨਗੇ?

ਮਾਨ ਨੇ ਕਿਹਾ ਕਿ 2015 ਵਿੱਚ ਅਮਿਤ ਸ਼ਾਹ ਨੇ ਹਿਮੰਤ ਬਿਸਵਾ ਸ਼ਰਮਾ ਨੂੰ ਸਭ ਤੋਂ ਭ੍ਰਿਸ਼ਟ ਵਿਅਕਤੀ ਕਰਾਰ ਦਿੱਤਾ ਸੀ।  ਪਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਅੱਜ ਉਹੀ ਵਿਅਕਤੀ ਦੁੱਧ ਦੀ ਧੋਤੀ ਬਣ ਗਿਆ ਹੈ।  ਭਾਜਪਾ ਹਰ ਗੱਲ ‘ਤੇ ਝੂਠ ਬੋਲਦੀ ਹੈ। ਉਹ ਜੋ ਵੀ ਕਹਿੰਦੇ ਹਨ ਉਹ ਸਿਰਫ ਇੱਕ ਜੁਮਲਾ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਸਮਝਦੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਕੇ ਆਮ ਆਦਮੀ ਪਾਰਟੀ ਤਬਾਹ ਹੋ ਜਾਵੇਗੀ।  ਪਰ ਇਹ ਉਹਨਾਂ ਦੀ ਗਲਤਫਹਿਮੀ ਹੈ।  ਉਨ੍ਹਾਂ ਕਿਹਾ ਕਿ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰੋਗੇ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ।  ਅਰਵਿੰਦ ਕੇਜਰੀਵਾਲ ਸਿਰਫ਼ ਇੱਕ ਵਿਅਕਤੀ ਨਹੀਂ, ਇੱਕ ਵਿਚਾਰ ਹਨ।

ਉਨਾਂ ਕਿਹਾ ਕਿ ਮੈਨੂੰ ਅੱਜ ਜਹਾਜ਼ ਵਿੱਚ ਇੱਕ ਆਦਮੀ ਮਿਲਿਆ। ਉਸਨੇ ਮੈਨੂੰ ਦੱਸਿਆ ਕਿ ਸਾਡੇ ਅਸਾਮ ਵਿੱਚ 8000 ਸਰਕਾਰੀ ਸਕੂਲ ਬੱਚਿਆਂ ਦੀ ਘਾਟ ਕਾਰਨ ਬੰਦ ਹੋ ਗਏ ਹਨ।  ਬਿਲਕੁਲ ਇਹੀ ਹਾਲਤ ਪਹਿਲਾਂ ਦਿੱਲੀ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸੀ।  ਪਰ ਅਸੀਂ ਸਕੂਲਾਂ ਨੂੰ ਬੰਦ ਕਰਨ ਦੀ ਬਜਾਏ ਇੰਨਾ ਵਧੀਆ ਬਣਾ ਦਿੱਤਾ ਕਿ ਅੱਜ ਦਿੱਲੀ ਅਤੇ ਪੰਜਾਬ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ।

ਉਨ੍ਹਾਂ ਕਿਹਾ ਕਿ ਅਸਾਮ ਵਿੱਚ ਮਜ਼ਦੂਰਾਂ ਦੀ ਹਾਲਤ ਵੀ ਬਹੁਤ ਖਰਾਬ ਹੈ।  ਅੱਜ ਇੱਥੇ ਇੱਕ ਮਜ਼ਦੂਰ ਦੀ ਦਿਹਾੜੀ 250 ਰੁਪਏ ਹੈ।  ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਦਿਓ, ਅਸੀਂ ਮਜ਼ਦੂਰਾਂ ਦੀ ਦਿਹਾੜੀ ਵਧਾ ਕੇ 450 ਰੁਪਏ ਕਰਾਂਗੇ ਅਤੇ ਇਸ ਲਈ ਕਾਨੂੰਨ ਬਣਾਵਾਂਗੇ।  ਸਰਕਾਰ ਬਣਨ ਤੋਂ ਬਾਅਦ ਅਸੀਂ ਪੰਜਾਬ ਵਿੱਚ ਵੀ ਤਨਖਾਹਾਂ ਵਧਾ ਦਿੱਤੀਆਂ ਹਨ।  ਇਹ ਕੰਮ ਸਿਰਫ਼ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ ਕਿਉਂਕਿ ਅਸੀਂ ਆਮ ਲੋਕਾਂ ਦੇ ਦੁੱਖ ਦਰਦ ਨੂੰ ਸਮਝਦੇ ਹਾਂ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਬਿਜਲੀ ਬਿਲਕੁਲ ਮੁਫ਼ਤ ਹੈ।  ਪੰਜਾਬ ਵਿੱਚ 90% ਘਰਾਂ ਵਿੱਚ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ।  ਪੰਜਾਬ ਵਿੱਚ ਆਮ ਆਦਮੀ ਕਲੀਨਿਕ ਖੁੱਲ੍ਹ ਗਏ ਹਨ।  ਜਿੱਥੇ ਸਾਰਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।  ਜੇਕਰ ਸਾਨੂੰ ਮੌਕਾ ਮਿਲਿਆ ਤਾਂ ਅਸਾਮ ਵਿੱਚ ਵੀ ਅਜਿਹਾ ਹੀ ਕਰਾਂਗੇ।

Exit mobile version