ਅਰਵਿੰਦ ਕੇਜਰੀਵਾਲ ਨੂੰ ਸਰੀਰਿਕ ਤੌਰ ‘ਤੇ ਤਾਂ ਕੈਦ ਕਰ ਲਿਆ, ਪਰ ਸੋਚ ਨੂੰ ਨਹੀਂ ਦਬਾ ਸਕੇਗੀ ਭਾਜਪਾ-ਰਮਨ ਬਹਿਲ

ਕਿਹਾ ਕਿ ਪ੍ਰਧਾਨ ਮੰਤਰੀ ‘ਚ ਆ ਚੁੱਕੀ ਹੈ ਰਾਵਣ ਦੀ ਰੂਹ ਤਾਂ ਹੀ ਭ੍ਰਿਸ਼ਟ ਹੋ ਗਈ ਬੁੱਧੀ,

ਮੋਦੀ ਸਰਕਾਰ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਕਰਕੇ ਸ਼ਰੇਆਮ ਕੀਤਾ ਲੋਕਤੰਤਰ ਦਾ ਕਤਲ

ਗੁਰਦਾਸਪੁਰ, 22 ਮਾਰਚ 2024 (ਦੀ ਪੰਜਾਬ ਵਾਇਰ)। ਪੰਜਾਬ ਹੈਲਥ ਸਿਸਟਮਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਈਡੀ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੀਤੀ ਗ੍ਰਿਫਤਾਰੀ ਦੇ ਸਬੰਧ ਵਿਚ ਕਿਹਾ ਕਿ ਈਡੀ ਸਰਕਾਰੀ ਏਜੰਸੀ ਨਹੀਂ ਸਗੋਂ ਭਾਜਪਾ ਦੀ ਹੱਥ ਠੋਕਾ ਬਣ ਕੇ ਰਹਿ ਗਈ ਹੈ ਜਿਸ ਨੇ ਲੋਕਤੰਤਰ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ।

ਰਮਨ ਬਹਿਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਰਾਵਣ ਦੀ ਰੂਹ ਆ ਚੁੱਕੀ ਹੈ ਜਿਸ ਦੀ ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ। ਇਸੇ ਕਾਰਨ ਉਨਾਂ ਵੱਲੋਂ ਅਜਿਹੀਆਂ ਗਲਤੀਆਂ ਅਤੇ ਅੱਤਿਆਚਾਰ ਕੀਤੇ ਜਾ ਰਹੇ ਹਨ। ਪਰ ਭਾਜਪਾ ਅਤੇ ਨਰਿੰਦਰ ਮੋਦੀ ਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਸਚਾਈ ਨੂੰ ਕੁਝ ਦੇਰ ਲਈ ਦਬਾਇਆ ਤਾਂ ਜਾ ਸਕਦਾ ਹੈ, ਪਰ ਇਤਿਹਾਸ ਗਵਾ ਹੈ ਕਿ ਜਿੱਤ ਹਮੇਸ਼ਾਂ ਸਚਾਈ ਅਤੇ ਨੇਕ ਨੀਤੀਆਂ ਦੀ ਹੁੰਦੀ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਈਡੀ ਰਾਹੀਂ ਸ਼ਰੇਆਮ ਲੋਕਤੰਤਰ ਦੀਆਂ ਧੱਜੀਆਂ ਉਡਾ ਰਹੀ ਹੈ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਮਾਮਲੇ ਨੂੰ ਆਧਾਰ ਬਣਾ ਕੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸ ਨਾਲ ਸਬੰਧਿਤ ਮਹਿਕਮਾ ਵੀ ਕੇਜਰੀਵਾਲ ਕੋਲ ਨਹੀਂ ਸੀ।

ਬਹਿਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਭਾਜਪਾ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਸਰੀਰਿਕ ਤੌਰ ‘ਤੇ ਤਾਂ ਕੈਦ ਕਰ ਸਕਦੀ ਹੈ, ਪਰ ਉਨਾਂ ਦੀ ਦੀ ਸੋਚ ਨੂੰ ਕਦੇ ਵੀ ਕੈਦ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਨਾਂ ਦੀ ਆਵਾਜ ਨੂੰ ਕੋਈ ਦਬਾ ਸਕਦਾ ਹੈ। ਅੱਜ ਪੂਰੇ ਦੇਸ਼ ਅੰਦਰ ਅਰਵਿੰਦ ਕੇਜਰੀਵਾਲ ਦੇ ਹੱਕ ਵਿਚ ਲੋਕ ਹਾਅ ਦਾ ਨਾਅਰਾ ਮਾਰ ਰਹੇ ਹਨ ਅਤੇ ਦੇਸ਼ ਸਮੇਤ ਪੂਰੇ ਪੰਜਾਬ ਦੇ ਲੋਕ ਮਜਬੂਤੀ ਨਾਲ ਉਨਾਂ ਦਾ ਸਾਥ ਦੇਣਗੇ। ਬਹਿਲ ਨੇ ਕਿਹਾ ਕਿ ਭਾਜਪਾ ਨੂੰ ਇਸ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਅਜਿਹੀਆਂ ਵਧੀਕੀਆਂ ਕਰਕੇ ਉਹ ਚੋਣਾਂ ਜਿੱਤ ਸਕਣਗੇ, ਕਿਉਂਕਿ ਇਸ ਗ੍ਰਿਫਤਾਰੀ ਨੇ ਮੋਦੀ ਅਤੇ ਭਾਜਪਾ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ ਅਤੇ ਨਾਲ ਹੀ ਲੋਕ ਇਸ ਗੱਲ ਨੂੰ ਸਮਝ ਗਏ ਹਨ ਕਿ ਭਾਜਪਾ ਨੇ ਆਪਣੀ ਹਾਰ ਨੂੰ ਸਾਹਮਣੇ ਦੇਖ ਕੇ ਬੁਖਲਾਹਟ ਵਿਚ ਇਹ ਗ੍ਰਿਫਤਾਰੀ ਕੀਤੀ ਹੈ। ਬਹਿਲ ਨੇ ਕਿਹਾ ਕਿ ਅੱਜ ਹਰੇਕ ਵਰਗ ਵਿਚ ਭਾਜਪਾ ਵਿਰੁੱਧ ਰੋਸ ਦੀ ਲਹਿਰ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਲੋਕਾਂ ਦਾ ਗੁੱਸਾ ਲਾਵਾ ਬਣ ਕੇ ਫੁੱਟੇਗਾ।

Exit mobile version