ਭਾਜਪਾ ਦੀ ਰਾਜਨੀਤਿਕ ਟੀਮ (ED) ਕੇਜਰੀਵਾਲ ਦੀ ਸੋਚ ਨੂੰ ਕੈਦ ਨਹੀਂ ਕਰ ਸਕਦੀ : ਆਪ ਹੀ ਭਾਜਪਾ ਨੂੰ ਰੋਕ ਸਕਦੀ ਹੈ- ਭਗਵੰਤ ਮਾਨ

ਚੰਡੀਗੜ੍ਹ, 21 ਮਾਰਚ 2024 (ਦੀ ਪੰਜਾਬ ਵਾਇਰ)। ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਾਈਕੋਰਟ ‘ਚ ਗ੍ਰਿਫਤਾਰੀ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਈਡੀ ਦੀ ਟੀਮ ਵੀਰਵਾਰ ਨੂੰ 10ਵੇਂ ਸੰਮਨ ਦੀ ਸੁਣਵਾਈ ਲਈ ਸ਼ਾਮ 7 ਵਜੇ ਉਨ੍ਹਾਂ ਦੇ ਘਰ ਪਹੁੰਚੀ। ਟੀਮ ਕੋਲ ਸਰਚ ਵਾਰੰਟ ਹੋਣ ਦੇ ਚਲਦੇ ਅਰਵਿੰਦ ਕੇਜਰੀਵਾਲ ਦੇ ਘਰ ਦੀ ਸਰਚ ਕਰਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਉਨ੍ਹਾਂ ਵੱਲੋਂ ਇੰਫੋਰਸਮੈਂਟ ਡਾਇਰੈਕਟਰੇਂਟ (ED) ਨੂੰ ਭਾਜਪਾ ਦੀ ਰਾਜਨੀਤਿਕ ਟੀਮ ਦੱਸਦੇ ਹੋਏ ਬਿਆਨ ਦਿੱਤਾ ਗਿਆ ਕਿ ਕੇਜਰੀਵਾਲ ਦੀ ਸੋਚ ਨੂੰ ਕੈਦ ਨਹੀਂ ਕੀਤਾ ਜਾ ਸਕਦਾ। ਕਿਓਕਿ ਆਮ ਆਦਮੀ ਪਾਰਟੀ ਹੀ ਭਾਜਪਾ ਨੂੰ ਰੋਕ ਸਕਦੀ ਹੈ। ਭਗਵੰਤ ਮਾਨ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਦੀ ਸੋਚ ਨੂੰ ਕਦੇ ਦਬਾਇਆ ਨਹੀ ਜਾ ਸਕਦਾ।

ਦੱਸਣਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨਿਵਾਸ ਦੇ ਆਲੇ-ਦੁਆਲੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਕੇਜਰੀਵਾਲ ਘਰ ਵਿੱਚ ਮੌਜੂਦ ਹਨ। ਈਡੀ ਦੇ ਸੂਤਰਾਂ ਮੁਤਾਬਕ ਕੇਜਰੀਵਾਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ‘ਆਪ’ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪੁਲਿਸ ਨੇ ਸੌਰਭ ਨੂੰ ਮੁੱਖ ਮੰਤਰੀ ਨਿਵਾਸ ਦੇ ਅੰਦਰ ਨਹੀਂ ਜਾਣ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਈਡੀ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਕੇ. ਕਵਿਤਾ ਨੇ ਕੇਜਰੀਵਾਲ ਦਾ ਨਾਂ ਲਿਆ ਹੈ। ਇਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਬਾਹਰ ਜਬਰਦਸਤ ਨਾਰੇਬਾਜੀ ਕੀਤੀ ਜਾ ਰਹੀ ਹੈ।

ਕੇਜਰੀਵਾਲ ਦੀ ਟੀਮ ਸੁਪਰੀਮ ਕੋਰਟ ਪਹੁੰਚੀ

ਇਸ ਦੌਰਾਨ ਕੇਜਰੀਵਾਲ ਦੀ ਕਾਨੂੰਨੀ ਟੀਮ ਸੁਪਰੀਮ ਕੋਰਟ ਪਹੁੰਚ ਗਈ ਹੈ। ਟੀਮ ਨੇ ਸੁਣਵਾਈ ਲਈ ਤੁਰੰਤ ਸੂਚੀਬੱਧ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਦੁਪਹਿਰ 2.30 ਵਜੇ ਦਿੱਲੀ ਹਾਈ ਕੋਰਟ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਈਡੀ ਨੇ 17 ਮਾਰਚ ਨੂੰ ਕੇਜਰੀਵਾਲ ਨੂੰ 9ਵਾਂ ਸੰਮਨ ਭੇਜਿਆ ਸੀ। ਹਾਲਾਂਕਿ ਉਹ ਇਕ ਵਾਰ ਵੀ ਪੁੱਛਗਿੱਛ ਲਈ ਸਾਹਮਣੇ ਨਹੀਂ ਆਏ। ਕੇਜਰੀਵਾਲ 19 ਮਾਰਚ ਨੂੰ ਸੰਮਨ ਦੇ ਖਿਲਾਫ ਹਾਈਕੋਰਟ ਪਹੁੰਚੇ ਸਨ। ਉਸ ਦੀ ਪਟੀਸ਼ਨ ‘ਤੇ 20 ਮਾਰਚ ਨੂੰ ਸੁਣਵਾਈ ਹੋਈ ਸੀ।

Exit mobile version