ਵਿਜੀਲੈਂਸ ਬਿਊਰੋ ਨੇ 15,000 ਰੁਪਏ ਰਿਸ਼ਵਤ ਲੈਂਦਾ ਵਕਫ ਬੋਰਡ ਦਾ ਕਾਰਜਕਾਰੀ ਅਫਸਰ ਕੀਤਾ ਕਾਬੂ 

 ਚੰਡੀਗੜ੍ਹ, 20 ਮਾਰਚ 2024 (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਬੁੱਧਵਾਰ ਨੂੰ ਬਠਿੰਡਾ ਵਿਖੇ ਤਾਇਨਾਤ ਪੰਜਾਬ ਵਕਫ ਬੋਰਡ ਦੇ ਕਾਰਜਕਾਰੀ ਅਫਸਰ ਲਾਇਕ ਅਹਿਮਦ ਨੂੰ 15,000 ਰੁਪਏ ਰਿਸ਼ਵਤ ਦੀ ਮੰਗ ਕਰਨ ਅਤੇ ਹਾਸਲ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਰਮਚਾਰੀ ਵਿਰੁੱਧ ਇਹ ਮਾਮਲਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਵਾਸੀ ਨਰਿੰਦਰ ਕੁਮਾਰ, ਜੋ ਕਿ ਹੁਣ ਢਕੋਲੀ, ਜ਼ੀਰਕਪੁਰ ਵਿਖੇ ਰਹਿ ਰਿਹਾ ਹੈ, ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਵਾਕਫ਼ ਬੋਰਡ ਮੁਲਾਜ਼ਮ ਨੇ ਬਠਿੰਡਾ ਵਿਖੇ ਲੀਜ਼ ‘ਤੇ ਜ਼ਮੀਨ ਦੇਣ ਦੇ ਬਦਲੇ ਉਸ ਕੋਲੋਂ 50,000 ਰੁਪਏ ਦੀ ਰਿਸ਼ਵਤ ਅਤੇ ਦੋ ਖਾਲੀ ਬੈਂਕ ਚੈੱਕ ਦੇਣ ਦੀ ਮੰਗ ਕੀਤੀ ਹੈ ਅਤੇ ਪਹਿਲੀ ਕਿਸ਼ਤ ਵਜੋਂ 20,000 ਰੁਪਏ ਮੰਗ ਰਿਹਾ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਾ ਕੇ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 15,000 ਰੁਪਏ ਲੈਂਦਿਆਂ ਰੰਗੇ-ਹੱਥੀਂ ਗ੍ਰਿਫਤਾਰ ਕਰ ਲਿਆ ਅਤੇ ਉਸ ਕੋਲ਼ੋਂ ਦੋ ਖਾਲੀ ਚੈੱਕ ਵੀ ਬਰਾਮਦ ਕਰ ਲਏ ਜੋ ਉਸਨੇ ਸ਼ਿਕਾਇਤਕਰਤਾ ਤੋਂ ਲਏ ਸਨ। ਉਕਤ ਮਾਲ ਅਧਿਕਾਰੀ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।  ਉਸਨੂੰ  ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Exit mobile version