ਚਿਤਕਾਰਾ ਯੂਨੀਵਰਸਿਟੀ ਅਤੇ ਬੀ ਆਰ ਫੋਕ ਕਲਚਰਲ ਕਲੱਬ ਨੇ ਜਿੱਤਿਆ ਲੁੱਡੀ ਅਤੇ ਭੰਗੜਾ ਕੱਪ

ਚੰਡੀਗੜ੍ਹ, 18 ਮਾਰਚ 2024 (ਦੀ ਪੰਜਾਬ ਵਾਇਰ)। ਜੁਗਨੀ ਕਲਚਰਲ ਐਂਡ ਯੂਥ ਕਲੱਬ ਐਸ.ਏ.ਐਸ. ਨਗਰ ਅਤੇ ਵਿਰਾਸਤ-ਏ-ਕਲਚਰਲ ਫੋਕ ਕਲੱਬ ਦੋਰਾਹਾ ਵੱਲੋਂ ਲੋਕ ਨਾਚ ਮੁਕਾਬਲਿਆਂ ਵਿੱਚ ਚਿਤਕਾਰਾ ਯੂਨੀਵਰਸਿਟੀ ਨੇ ਲੁੱਡੀ ਅਤੇ ਕੁੜੀਆਂ ਦਾ ਭੰਗੜਾ ਅਤੇ ਬੀ.ਆਰ. ਫੋਕ ਕਲਚਰਲ ਕਲੱਬ ਚੰਡੀਗੜ੍ਹ ਨੇ ਮੁੰਡਿਆਂ ਦੇ ਭੰਗੜੇ ਦਾ ਕੱਪ ਜਿੱਤਿਆ।

ਇਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਖੇ ਕਰਵਾਏ ਦੋਰਾਹਾ ਭੰਗੜਾ ਅਤੇ ਲੁੱਡੀ ਕੱਪ ਵਿੱਚ ਉਤਰ ਭਾਰਤ ਦੀਆਂ 21 ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਮੁੰਡਿਆਂ ਦੇ ਭੰਗੜੇ ਵਿੱਚ 11, ਲੁੱਡੀ ਵਿੱਚ 7 ਅਤੇ ਕੁੜੀਆਂ ਦੇ ਭੰਗੜੇ ਵਿੱਚ 3 ਟੀਮਾਂ ਨੇ ਹਿੱਸਾ ਲਿਆ।

ਲੁੱਡੀ ਵਿੱਚ ਚਿਤਕਾਰਾ ਯੂਨੀਵਰਸਿਟੀ ਨੇ ਪਹਿਲਾ ਸਥਾਨ ਹਾਸਲ ਕਰਕੇ ਸਵ. ਹਰਿੰਦਰ ਪਾਲ ਸਿੰਘ ਰਨਿੰਗ ਟਰਾਫੀ ਦਿੱਤੀ। ਡੱਗਾ ਭੰਗੜਾ ਅਕੈਡਮੀ ਤੇ ਜੀ.ਐਨ.ਏ. ਯੂਨੀਵਰਸਿਟੀ ਨੇ ਸਾਂਝੇ ਤੌਰ ਉਤੇ ਦੂਜਾ ਅਤੇ ਹਨੀ ਭੰਗੜਾ ਟੀਮ ਤੇ ਜੀ.ਐਨ.ਸੀ. ਨਕੋਦਰ ਨੇ ਸਾਂਝੇ ਤੌਰ ਉਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕੁੜੀਆਂ ਦੇ ਭੰਗੜੇ ਵਿੱਚ ਚਿਤਕਾਰਾ ਯੂਨੀਵਰਸਿਟੀ ਨੇ ਪਹਿਲਾ, ਅਣਖੀ ਮੁਟਿਆਰ ਟੀਮ ਨੇ ਦੂਜਾ ਅਤੇ ਉਡਾਰੀਆਂ ਦਿੱਲੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਮੁੰਡਿਆਂ ਦੇ ਭੰਗੜੇ ਵਿੱਚ ਬੀ.ਆਰ. ਫੋਕ ਕਲਚਰਲ ਕਲੱਬ ਚੰਡੀਗੜ੍ਹ ਨੇ ਪਹਿਲਾ, ਦਿ ਰੈਟਰੋ ਕਲੱਬ ਕੈਨੇਡਾ ਨੇ ਦੂਜਾ ਅਤੇ ਰੀਅਲ ਫੋਕ ਆਰਟ ਭੰਗੜਾ ਅਕੈਡਮੀ ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ। ਪਹਿਲੇ, ਦੂਜੇ ਅਤੇ ਤੀਜੇ ਸਥਾਨ ਉਤੇ ਆਈਆਂ ਟੀਮਾਂ ਨੂੰ ਟਰਾਫੀ ਦੇ ਨਾਲ ਇਨਾਮ ਰਾਸ਼ੀ ਕ੍ਰਮਵਾਰ 51 ਹਜ਼ਾਰ ਰੁਪਏ, 31 ਹਜ਼ਾਰ ਰੁਪਏ ਅਤੇ 21 ਹਜ਼ਾਰ ਰੁਪਏ ਨਾਲ ਸਨਮਾਨਤ ਕੀਤਾ।

ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਡਾਇਰੈਕਟਰ ਨੀਰੂ ਕਟਿਆਲ ਨੇ ਕੀਤੀ। ਉਨ੍ਹਾਂ ਜੁਗਨੀ ਕਲੱਬ ਅਤੇ ਦੋਰਾਹਾ ਕਲੱਬ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਲਈ ਅਜਿਹੇ ਉਪਰਾਲੇ ਕਰਵਾਉਣੇ ਰਹਿਣਾ ਚਾਹੀਦਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਰਾਸਤ-ਏ-ਕਲਚਰਲ ਫੋਕ ਕਲੱਬ ਦੋਰਾਹਾ ਦੇ ਪ੍ਰਧਾਨ ਹਰਮਨ ਰਤਨ, ਮੀਤ ਪ੍ਰਧਾਨ ਇਕਬਾਲ ਸਿੰਘ, ਜਨਰਲ ਸਕੱਤਰ ਹਰਪ੍ਰੀਤ ਕਟਾਣੀ ਅਤੇ ਜੁਗਨੀ ਕਲਚਰਲ ਐਂਡ ਯੂਥ ਕਲੱਬ ਐਸ.ਏ.ਐਸ. ਨਗਰ ਦੇ ਪ੍ਰਧਾਨ ਸਟੇਟ ਐਵਾਰਡੀ ਦਵਿੰਦਰ ਸਿੰਘ ਜੁਗਨੀ, ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਚੰਨੀ, ਮੀਤ ਪ੍ਰਧਾਨ ਨਰੇਸ਼ ਕੁਮਾਰ, ਵਿੱਤ ਸਕੱਤਰ ਰੁਪਿੰਦਰ ਪਾਲ ਸਿੰਘ, ਸੰਯੁਕਤ ਸਕੱਤਰ ਲਖਵੀਰ ਸਿੰਘ, ਮੈਂਬਰ ਗੁਰਮੀਤ ਕੁਲਾਰ, ਸੁਖਬੀਰ ਸਿੰਘ ਤੇ ਸੋਨੂੰ ਵੀ ਹਾਜ਼ਰ ਸਨ।

Exit mobile version