ਮੁੱਖ ਮੰਤਰੀ ਵੱਲੋਂ ਕੰਢੀ ਖੇਤਰ ਦੇ ਲੋਕਾਂ ਨੂੰ ਤੋਹਫ਼ਾ; ਪੀ.ਏ.ਯੂ. ਦਾ ਪਹਿਲਾ ਖੇਤੀਬਾੜੀ ਕਾਲਜ ਕੀਤਾ ਲੋਕਾਂ ਨੂੰ ਸਮਰਪਿਤ

ਖਿੱਤੇ ਵਿੱਚ ਖੇਤੀਬਾੜੀ ਨੂੰ ਹੁਲਾਰਾ ਦੇ ਕੇ ਲੋਕਾਂ ਦੇ ਜੀਵਨ ਨੂੰ ਬਦਲਣਾ ਇਸ ਕਦਮ ਦਾ ਉਦੇਸ਼

ਬੱਲੋਵਾਲ ਸੌਂਖੜੀ (ਸ਼ਹੀਦ ਭਗਤ ਸਿੰਘ ਨਗਰ), 16 ਮਾਰਚ 2024 (ਦੀ ਪੰਜਾਬ ਵਾਇਰ)। ਸੂਬੇ ਦੇ ਕੰਢੀ ਖੇਤਰ ਵਿੱਚ ਖੇਤੀਬਾੜੀ ਨੂੰ ਵੱਡਾ ਹੁਲਾਰਾ ਦੇਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦਾ ਖੇਤੀਬਾੜੀ ਕਾਲਜ ਲੋਕਾਂ ਨੂੰ ਸਮਰਪਿਤ ਕੀਤਾ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ ਦੀ ਸਥਾਪਨਾ ਪੀ.ਏ.ਯੂ. ਵੱਲੋਂ ਸੂਬਾ ਸਰਕਾਰ ਦੇ ਸਹਿਯੋਗ ਨਾਲ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕਾਲਜ ਪੀ.ਏ.ਯੂ. ਦਾ ਪਹਿਲਾ ਕਾਲਜ ਹੈ ਜੋ ਯੂਨੀਵਰਸਿਟੀ ਕੈਂਪਸ ਦੇ ਬਾਹਰ ਸਥਾਪਿਤ ਕੀਤਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਇਸ ਖਿੱਤੇ ਵਿੱਚ ਖੇਤੀਬਾੜੀ ਨੂੰ ਹੁਲਾਰਾ ਦੇਣਾ ਹੈ ਕਿਉਂਕਿ ਇਹ ਖਿੱਤਾ ਕੁਝ ਪ੍ਰਸਥਿਤੀਆਂ ਕਾਰਨ ਸੂਬੇ ਦੇ ਬਾਕੀ ਹਿੱਸਿਆਂ ਨਾਲੋਂ ਪਛੜਿਆ ਰਹਿ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ ਦੇ ਖੁੱਲ੍ਹਣ ਨਾਲ ਜਿੱਥੇ ਇੱਕ ਪਾਸੇ ਖੇਤੀਬਾੜੀ ਨੂੰ ਵੱਡਾ ਹੁਲਾਰਾ ਮਿਲੇਗਾ ਉੱਥੇ ਹੀ ਦੂਜੇ ਪਾਸੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਵੀ ਖੁੱਲ੍ਹਣਗੇ। ਉਨ੍ਹਾਂ ਦੱਸਿਆ ਕਿ ਇਸ ਕਾਲਜ ਵਿੱਚ ਵਿਦਿਆਰਥੀ ਬੀ.ਐਸ.ਸੀ. ਐਗਰੀਕਲਚਰ ਦੇ ਚਾਰ ਸਾਲਾ ਡਿਗਰੀ ਕੋਰਸ ਵਿੱਚ ਦਾਖਲਾ ਲੈ ਸਕਣਗੇ ਅਤੇ ਹਰ ਸਾਲ ਇਸ ਡਿਗਰੀ ਕੋਰਸ ਵਿੱਚ 120 ਵਿਦਿਆਰਥੀ ਦਾਖਲਾ ਲੈ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਕਾਲਜ ਲਈ 50 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜਿਸ ਵਿੱਚੋਂ 35 ਕਰੋੜ ਰੁਪਏ ਕੈਂਪਸ ਵਿੱਚ ਇਮਾਰਤਾਂ ਦੀ ਉਸਾਰੀ ਲਈ ਅਤੇ ਬਾਕੀ ਦੀ ਰਾਸ਼ੀ ਆਉਣ ਵਾਲੇ ਪੰਜ ਸਾਲਾਂ ਲਈ ਤਨਖਾਹਾਂ ਦੇਣ ਵਾਸਤੇ ਵਰਤੀ ਜਾਵੇਗੀ।

ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਪਿਛਲੀਆਂ ਸੂਬਾ ਸਰਕਾਰਾਂ ਦੀ ਅਣਗਹਿਲੀ ਕਾਰਨ ਇਹ ਖੇਤਰ ਵਿਕਾਸ ਪੱਖੋਂ ਪਿੱਛੇ ਰਹਿ ਗਿਆ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਕੁਦਰਤੀ ਸੋਮਿਆਂ ਦੀ ਭਰਮਾਰ ਵਾਲੇ ਇਸ ਖੇਤਰ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਵਾਸਤੇ ਇਸ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ।

Exit mobile version