“ਬਾਜਵਾ, ਰੰਧਾਵਾ, ਵੜਿੰਗ ਅਤੇ ਸਿੱਧੂ ਨੂੰ ਲੋਕ ਸਭਾ ਚੋਣਾਂ ਲੜਾਓ” ਪਰਗਟ ਸਿੰਘ ਨੇ ਕਾਂਗਰਸ ਹਾਈਕਮਾਨ ਤੋਂ ਕੀਤੀ ਮੰਗ

ਚੰਡੀਗੜ੍ਹ, 13 ਮਾਰਚ 2024 (ਦੀ ਪੰਜਾਬ ਵਾਇਰ)। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪਾਰਟੀ ਹਾਈਕਮਾਂਡ ਅੱਗੇ ਵੱਡੀ ਮੰਗ ਰੱਖੀ ਹੈ। ਉਨ੍ਹਾਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਵੱਡੇ ਆਗੂਆਂ ਨੂੰ ਮੈਦਾਨ ਵਿੱਚ ਉਤਾਰਨ ਲਈ ਕਿਹਾ। ਪਰਗਟ ਸਿੰਘ ਨੇ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਕਿਸੇ ਵੀ ਥਾਂ ਤੋਂ ਲੋਕ ਸਭਾ ਚੋਣ ਲੜਨ ਲਈ ਕਹਿੰਦੀ ਹੈ ਤਾਂ ਵੀ ਉਹ ਪੂਰੀ ਤਰ੍ਹਾਂ ਤਿਆਰ ਹਨ। ਪਰ ਇਨ੍ਹਾਂ ਆਗੂਆਂ ਨੂੰ ਵੀ ਚੋਣ ਲੜਨੀ ਚਾਹੀਦੀ ਹੈ।

ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਵਿਧਾਇਕ ਪਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਹੈ | ਮੀਡੀਆ ਵੱਲੋਂ ‘ਵੱਡੇ ਆਗੂਆਂ’ ਬਾਰੇ ਪੁੱਛੇ ਜਾਣ ‘ਤੇ ਪਰਗਟ ਸਿੰਘ ਪਹਿਲਾਂ ਤਾਂ ਟਾਲ-ਮਟੋਲ ਕਰਦੇ ਰਹੇ ਪਰ ਵਾਰ-ਵਾਰ ਪੁੱਛੇ ਜਾਣ ‘ਤੇ ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਨਾਮ ਲੈਂਦੇ ਹੋਏ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਲੋਕ ਸਭਾ ਚੋਣਾਂ ਵਿੱਚ ਮੈਦਾਨ ਵਿੱਚ ਉਤਾਰਿਆ ਜਾਣਾ ਚਾਹੀਦਾ ਹੈ।

ਆਪਣੀ ਗੱਲ ‘ਤੇ ਜ਼ੋਰ ਦਿੰਦਿਆਂ ਪਰਗਟ ਸਿੰਘ ਨੇ ਕਿਹਾ ਕਿ ਜੋ ਲੋਕ ਲੰਗੋਟ ਪਾ ਕੇ ਅਖਾੜੇ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਹਨ, ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿਚ ਮੈਦਾਨ ਵਿਚ ਉਤਾਰਿਆ ਜਾਣਾ ਚਾਹੀਦਾ ਹੈ। ਇਸ ਸਵਾਲ ‘ਤੇ ਕਿ ਕੀ ਪਰਗਟ ਸਿੰਘ ਖੁਦ ਲੋਕ ਸਭਾ ਚੋਣ ਲੜਨ ਲਈ ਤਿਆਰ ਹਨ ਜਾਂ ਨਹੀਂ, ਉਨ੍ਹਾਂ ਕਿਹਾ ਕਿ ਇਹ ਸਵਾਲ ਮੈਨੂੰ ਹਾਈਕਮਾਂਡ ਨੇ ਵੀ ਪੁੱਛਿਆ ਸੀ, ਜਿਸ ਦੇ ਜਵਾਬ ‘ਚ ਮੈਂ ਹਾਈਕਮਾਨ ਨੂੰ ਕਿਹਾ ਹੈ ਕਿ ਮੈਂ ਜਿਥੋਂ ਮਰਜ਼ੀ ਤਿਆਰ ਹਾਂ। ਪੰਜਾਬ ਵਿੱਚ ਟਿਕਟ ਦਿੱਤੀ ਜਾਵੇ।

ਵਰਨਣਯੋਗ ਹੈ ਕਿ ਕਾਂਗਰਸ ਹਾਈਕਮਾਂਡ ਨੇ ਅਜੇ ਤੱਕ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਇਸ ਦੌਰਾਨ ਸੋਮਵਾਰ ਨੂੰ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ‘ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ ਪੰਜਾਬ ਦੀ ਕਿਸੇ ਵੀ ਸੀਟ ਤੋਂ ਲੋਕ ਸਭਾ ਚੋਣ ਲੜਦੇ ਹਨ ਤਾਂ ਉਹ ਉਨ੍ਹਾਂ ਦੇ ਖਿਲਾਫ ਚੋਣ ਲੜਨ।

ਦੂਜੇ ਪਾਸੇ ਜਦੋਂ ਪ੍ਰਗਟ ਸਿੰਘ ਦੇ ਉਪਰੋਕਤ ਬਿਆਨ ‘ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਪ੍ਰਤੀਕਰਮ ਮੀਡੀਆ ਵੱਲੋ ਜਾਣਨ ਲਈ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਰਾਜਸਥਾਨ ਦੇ ਇੰਚਾਰਜ ਵਜੋਂ ਰੁੱਝੇ ਹੋਏ ਹਨ । ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਲੋਕ ਸਭਾ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਜੇਕਰ ਹਾਈਕਮਾਂਡ ਚਾਹੁੰਦੀ ਹੈ ਕਿ ਉਹ ਪੰਜਾਬ ਵਿੱਚ ਲੋਕ ਸਭਾ ਚੋਣ ਲੜਨ ਤਾਂ ਉਹ ਜ਼ਰੂਰ ਚੋਣ ਲੜਨਗੇ।

Exit mobile version