ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਦਿਓਲ ਹਸਪਤਾਲ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ

35 ਵਲੰਟੀਅਰਾਂ ਵੱਲੋਂ ਖ਼ੂਨ ਦਾਨ ਕੀਤਾ ਗਿਆ

ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ, ਸਵੈ-ਇੱਛੁਕ ਸੰਗਠਨਾਂ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਆਮ ਲੋਕਾਂ ਨੂੰ ਸਵੈ-ਇੱਛੁਕ ਖ਼ੂਨਦਾਨ ਕਰਨ ਦੀ ਅਪੀਲ ਕੀਤੀ

ਗੁਰਦਾਸਪੁਰ, 11 ਮਾਰਚ 2024 (ਦੀ ਪੰਜਾਬ ਵਾਇਰ )। ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ, ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਅਤੇ ਦਿਓਲ ਮਲਟੀਸਪੈਸਸਿਟ ਹਸਪਤਾਲ, ਕਲਾਨੌਰ ਰੋਡ, ਗੁਰਦਾਸਪੁਰ ਦੇ ਸਹਿਯੋਗ ਨਾਲ ਇੱਕ ਸਵੈ ਇੱਛਕ ਖ਼ੂਨ ਦਾਨ ਕੈਂਪ ਲਗਾਇਆ ਗਿਆ। ਇਸ ਖ਼ੂਨ ਦਾਨ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਕੀਤਾ ਗਿਆ। ਇਸ ਮੌਕੇ ਦਿਓਲ ਹਸਪਤਾਲ ਅਤੇ ਰੈੱਡ ਕਰਾਸ ਦੇ 35 ਵਲੰਟੀਅਰਾਂ ਵੱਲੋਂ ਸਵੈ ਇੱਛਕ ਖ਼ੂਨ ਦਾਨ ਕੀਤਾ ਗਿਆ।

ਖ਼ੂਨਦਾਨ ਕਰਨ ਵਾਲੇ ਦਾਨੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਖ਼ੂਨ ਦਾਨ ਬਹੁਤ ਮਹਾਨ ਦਾਨ ਹੈ ਅਤੇ ਖ਼ੂਨ ਦਾਨ ਕਰਕੇ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਨੌਜਵਾਨਾਂ, ਸਵੈ-ਇੱਛੁਕ ਸੰਗਠਨਾਂ, ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵੈ-ਇੱਛੁਕ ਖ਼ੂਨਦਾਨ ਨੂੰ ਉਤਸ਼ਾਹਿਤ ਕਰਨ ਲਈ ਵੱਡੀ ਪੱਧਰ ਉੱਤੇ ਅੱਗੇ ਆਉਣ ਤਾਂਕਿ ਕਿਸੇ ਵੀ ਮੁਸ਼ਕਿਲ ਸਥਿਤੀ ਦਾ ਸਾਹਮਣਾ ਕਰਨ ਲਈ ਖ਼ੂਨ ਦਾ ਕਾਫ਼ੀ ਸਟਾਕ ਮੌਜੂਦ ਰਹੇ। ਉਨ੍ਹਾਂ ਕਿਹਾ, “ਇਹ ਸਾਡਾ ਉਦੇਸ਼ ਹੋਣਾ ਚਾਹੀਦਾ ਹੈ ਕਿ ਲੋਕਾਂ ਨੂੰ ਖ਼ੂਨਦਾਨ ਲਈ ਪ੍ਰੇਰਿਤ ਕਰੀਏ, ਉਤਸ਼ਾਹਿਤ ਕਰੀਏ ਅਤੇ ਹਰ ਤਰ੍ਹਾਂ ਦੀਆਂ ਮਨੁੱਖਤਾਵਾਦੀ ਸਰਗਰਮੀਆਂ ਲਈ ਤਿਆਰ ਕਰੀਏ ਤਾਂਕਿ ਆਉਣ ਵਾਲੇ ਸਮੇਂ ਵਿੱਚ ਮਨੁੱਖੀ ਦੁੱਖ-ਤਕਲੀਫ਼ਾਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।” ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਦੇ ਲਈ ਵੀ ਪ੍ਰੇਰਿਤ ਕੀਤਾ।

ਇਸ ਮੌਕੇ ਦਿਓਲ ਹਸਪਤਾਲ ਦੇ ਮੁਖੀ ਡਾ. ਰਮਿੰਦਰ ਸਿੰਘ, ਡਾ. ਹਰਮਿੰਦਰ ਸਿੰਘ, ਐਡਵੋਕੇਟ ਅੰਮ੍ਰਿਤਪਾਲ ਸਿੰਘ, ਸਿਹਤ ਵਿਭਾਗ ਤੋਂ ਡਾ. ਪੂਜਾ, ਬੀ.ਟੀ.ਓ, ਬਲੱਡ ਬੈਕ ਅਤੇ ਉਨ੍ਹਾਂ ਦੇ ਟੀਮ ਮੈਂਬਰ ਅਤੇ ਸ੍ਰੀ ਰਾਜੀਵ ਸਿੰਘ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਗੁਰਦਾਸਪੁਰ ਵੀ ਹਾਜ਼ਰ ਸਨ।

Exit mobile version