ਹੁਣ ‘ਆਪ’ ਕਰਜ਼ੇ ‘ਤੇ 0.25 ਫੀਸਦੀ ਸਟੈਂਪ ਡਿਊਟੀ ਲਾ ਕੇ ਲੋਕਾਂ ਦੀ ਜੇਬ ‘ਤੇ ਬੋਝ ਪਾਉਣ ਜਾ ਰਹੀ ਹੈ: ਬਾਜਵਾ

ਚੰਡੀਗੜ, 2 ਮਾਰਚ 2024 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਾਹਨਾਂ ਅਤੇ ਜਾਇਦਾਦ ਦੇ ਕਰਜ਼ਿਆਂ ‘ਤੇ 0.25 ਫੀਸਦੀ ਸਟੈਂਪ ਡਿਊਟੀ ਲਾਏ ਜਾਣ ਦੇ ਮੱਦੇਨਜ਼ਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਰਥਿਕ ਲਾਭ ਪਹੁੰਚਾਉਣ ਲਈ ਕੀਤੇ ਜਾਂਦੇ ‘ਆਪ’ ਦੇ ਪ੍ਰਚਾਰ ਦਾ ਬੁਲਬੁਲਾ ਹੁਣ ਫਟ ਗਿਆ ਹੈ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਦੋ ਸਾਲਾਂ ਦੇ ਸ਼ਾਸਨ ਕਾਲ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਦੋ ਵਾਰ ਵਾਧਾ ਕੀਤਾ ਹੈ। ਹੁਣ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਜਾਇਦਾਦ ਅਤੇ ਵਾਹਨਾਂ ਲਈ ਕਰਜ਼ਾ ਲੈਣਾ ਮੁਸ਼ਕਲ ਕਰ ਦਿੱਤਾ ਹੈ। ਬਾਜਵਾ ਨੇ ਪੁੱਛਿਆ ਕਿ ਕੀ ਇਸ ਤਰ੍ਹਾਂ ਦਾ ਆਰਥਿਕ ਵਿਕਾਸ ਕਰਨ ਲਈ ‘ਆਪ’ ਸਰਕਾਰ ਹਮੇਸ਼ਾ ਸੋਚਦੀ ਰਹੀ ਹੈ?

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਸਨਅਤਕਾਰਾਂ ਦੀਆਂ ਮੁਸ਼ਕਲਾਂ ਵਧਣਗੀਆਂ ਬਲਕਿ ਆਮ ਲੋਕਾਂ ਦੀਆਂ ਜੇਬਾਂ ‘ਤੇ ਵੀ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ‘ਆਪ’ ਸਰਕਾਰ ਸੂਬੇ ਦੀ ਵਿੱਤੀ ਹਾਲਤ ਸੁਧਾਰਨ ‘ਚ ਅਸਫਲ ਰਹੀ ਹੈ।

ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਰੁਟੀਨ ਗਤੀਵਿਧੀਆਂ ਉਧਾਰ ਲਏ ਪੈਸੇ ਨਾਲ ਕੀਤੀਆਂ ਗਈਆਂ ਹਨ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਦੇਸ਼ ਦੇ ਸਭ ਤੋਂ ਵੱਧ ਕਰਜ਼ਦਾਰ ਸੂਬਿਆਂ ਵਿੱਚੋਂ ਇੱਕ ਬਣ ਗਿਆ ਹੈ। ਸੂਬੇ ‘ਤੇ ਬਕਾਇਆ ਕਰਜ਼ਾ 3.47 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਲਾਇਆ ਗਿਆ ਹੈ।

ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਚੋਣਾਂ ਤੋਂ ਪਹਿਲਾਂ ਦਾ ਵਾਅਦਾ ਤਾਂ ਮਾਈਨਿੰਗ ਤੋਂ ਸਾਲਾਨਾ 20,000 ਕਰੋੜ ਰੁਪਏ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਸਾਲਾਨਾ 34,000 ਕਰੋੜ ਰੁਪਏ ਸਮੇਤ ਵੱਖ-ਵੱਖ ਸਰੋਤਾਂ ਤੋਂ ਮਾਲੀਆ ਇਕੱਠਾ ਕਰਨਾ ਸੀ। ਪਰ ਸਰਕਾਰ ਇਸ ਵਿੱਚ ਅਸਫਲ ਸਾਬਤ ਹੋਈ ਹੈ।

Exit mobile version