ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਤਕਨੀਕੀ ਅਧਿਕਾਰੀਆਂ ਲਈ ਰਿਫਰੈਸ਼ਰ ਕੈਂਪ

ਸਮੂਹ ਵਿੱਦਿਅਕ ਅਦਾਰਿਆਂ, ਸ਼ਹਿਰਾਂ ਤੇ ਪਿੰਡਾਂ ‘ਚ ਗੱਤਕੇ ਨੂੰ ਪ੍ਰਫੁੱਲਤ ਕਰਨ ਦੀ ਲੋੜ : ਨਰੇਸ਼ ਠਾਕੁਰ

ਚੰਡੀਗੜ, 28 ਫਰਵਰੀ 2024 (ਦੀ ਪੰਜਾਬ ਵਾਇਰ) ।ਆਪਣੇ ਤਕਨੀਕੀ ਅਧਿਕਾਰੀਆਂ ਦੇ ਹੁਨਰ ਨੂੰ ਨਿਖਾਰਨ ਦੇ ਉਦੇਸ਼ ਨਾਲ ਗੱਤਕੇ ਦੀ ਸਭ ਤੋਂ ਪੁਰਾਣੀ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਨੇ ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੇ ਸਹਿਯੋਗ ਨਾਲ ਆਪਣੇ ਕੋਚਾਂ, ਰੈਫਰੀ ਅਤੇ ਜੱਜਮੈਂਟ ਅਧਿਕਾਰੀਆਂ ਲਈ ਦਸਮੇਸ਼ ਖਾਲਸਾ ਕਾਲਜ, ਜ਼ੀਰਕਪੁਰ ਵਿਖੇ ਰਿਫਰੈਸ਼ਰ ਕੈਂਪ ਲਗਾਇਆ ਜਿਸ ਵਿੱਚ 30 ਤਕਨੀਕੀ ਅਧਿਕਾਰੀ ਸ਼ਾਮਲ ਹੋਏ ਜਿਨ੍ਹਾਂ ਦੀ ਮਨਸ਼ਾ ਸੋਧੇ ਹੋਏ ਗੱਤਕਾ ਨੇਮਾਂ ਅਤੇ ਨਿਯਮਾਂ ਨਾਲ ਅੱਪਡੇਟ ਰਹਿਣਾ ਸੀ।

ਐਨ.ਜੀ.ਏ.ਆਈ. ਦੇ ਜਨਰਲ ਸਕੱਤਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਹ ਕੈਂਪ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਰਹਿਨੁਮਾਈ ਹੇਠ ਲਗਾਇਆ ਗਿਆ ਅਤੇ ਗੱਤਕਾ ਖੇਡ ਪ੍ਰਤੀ ਵਚਨਬੱਧਤਾ ਨੂੰ ਦੇਖਦਿਆਂ ਸਮੂਹ ਤਕਨੀਕੀ ਅਧਿਕਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। 

ਇਸ ਮੌਕੇ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਨਰੇਸ਼ ਠਾਕੁਰ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਭਾਰਤ ਭਰ ਦੇ ਹਰ ਤਰ੍ਹਾਂ ਦੇ ਵਿੱਦਿਅਕ ਅਦਾਰਿਆਂ ਸਮੇਤ ਸ਼ਹਿਰਾਂ ਅਤੇ ਪਿੰਡਾਂ ਵਿੱਚ ਗੱਤਕੇ ਨੂੰ ਪ੍ਰਫੁੱਲਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਠਾਕੁਰ ਨੇ ਸਵੈ-ਰੱਖਿਆ ਲਈ ਔਰਤਾਂ ਨੂੰ ਇਹ ਮਾਰਸ਼ਲ ਆਰਟ ਸਿੱਖਣ ਲਈ ਪ੍ਰੇਰਿਤ ਕੀਤਾ ਅਤੇ ਕੇਂਦਰੀ ਖੇਡ ਮੰਤਰਾਲੇ ਨੂੰ ਇਸ ਪ੍ਰਾਚੀਨ ਕਲਾ ਦੇ ਰੂਪ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਉਤਸ਼ਾਹਿਤ ਕਰਨ ਲਈ ਐਨ.ਜੀ.ਏ.ਆਈ. ਨੂੰ ਜਲਦ ਮਾਨਤਾ ਦੇਣ ਦੀ ਅਪੀਲ ਕੀਤੀ।

ਇਸ ਕੈਂਪ ਵਿੱਚ ਐਨ.ਜੀ.ਏ.ਆਈ. ਦੇ ਮੀਤ ਪ੍ਰਧਾਨ ਇੰਦਰਜੋਧ ਸਿੰਘ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਲੁਧਿਆਣਾ, ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਸਟੇਟ ਕੋਆਰਡੀਨੇਟਰ ਸਰਬਜੀਤ ਸਿੰਘ ਜਲੰਧਰ, ਚਰਨਜੀਤ ਕੌਰ, ਰਵਿੰਦਰ ਸਿੰਘ ਅਤੇ ਵੀਰਪਾਲ ਕੌਰ, ਸਾਰੇ ਡਾਇਰੈਕਟਰ, ਐਨ.ਜੀ.ਏ.ਆਈ. ਕੋਚਿੰਗ ਅਤੇ ਸਿਖਲਾਈ ਡਾਇਰੈਕਟੋਰੇਟ, ਯੋਗਰਾਜ ਸਿੰਘ, ਨੈਸ਼ਨਲ ਕੋਆਰਡੀਨੇਟਰ, ਐਨ.ਜੀ.ਏ.ਆਈ., ਇੰਦਰਜੀਤ ਸਿੰਘ, ਕੋਆਰਡੀਨੇਟਰ, ਚੰਡੀਗੜ੍ਹ ਗੱਤਕਾ ਐਸੋਸੀਏਸ਼ਨ, ਰਮਨਪ੍ਰੀਤ ਸਿੰਘ ਟਾਂਡਾ, ਸਟੇਟ ਕੋਆਰਡੀਨੇਟਰ, ਗੱਤਕਾ ਐਸੋਸੀਏਸ਼ਨ ਪੰਜਾਬ, ਰਾਜਸਥਾਨ ਗੱਤਕਾ ਐਸੋਸੀਏਸ਼ਨ ਤੋਂ ਇਸ਼ਵਿੰਦਰ ਸਿੰਘ, ਹਰਿਆਣਾ ਤੋਂ ਮਹਿਲਾ ਕੋਚ ਗੁਰਪ੍ਰੀਤ ਕੌਰ, ਗੁਰਜਿੰਦਰ ਸਿੰਘ, ਹੁਸਨਪ੍ਰੀਤ ਕੌਰ, ਸ਼ਹਿਬਾਜ਼ ਸਿੰਘ, ਮਨਦੀਪ ਸਿੰਘ, ਦਲਜੀਤ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

ਸਿਮਰਨਜੀਤ ਸਿੰਘ ਨੇ ਅੱਗੇ ਕਿਹਾ ਕਿ ਇਸ ਕੈਂਪ ਨੇ ਗੱਤਕਾ ਨਿਯਮਾਂ ਦੇ ਗਿਆਨ ਦੇ ਆਦਾਨ-ਪ੍ਰਦਾਨ ਅਤੇ ਹੁਨਰ ਨੂੰ ਨਿਖਾਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕੀਤਾ ਹੈ, ਜਿਸ ਨਾਲ ਗੱਤਕੇ ਦੀ ਅਮੀਰ ਵਿਰਾਸਤ ਨੂੰ ਦੇਸ਼ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਫੁੱਲਤ ਕਰਨ ਅਤੇ ਸੰਭਾਲਣ ਲਈ ਐਨ.ਜੀ.ਏ.ਆਈ. ਦੇ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਮੱਦਦ ਮਿਲੇਗੀ।

Exit mobile version