ਚੇਅਰਮੈਨ ਰਮਨ ਬਹਿਲ ਨੇ ਡੇਰਾ ਬਾਬਾ ਨਾਨਕ ਰੋਡ ‘ਤੇ ਲੁੱਕ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ

ਤਿੰਨ ਦਿਨਾਂ ਵਿੱਚ ਮੁਕੰਮਲ ਕਰਵਾਇਆ ਜਾਵੇਗਾ ਸੜਕ ਦਾ ਇਹ ਕੰਮ – ਰਮਨ ਬਹਿਲ

ਗੁਰਦਾਸਪੁਰ, 27 ਫਰਵਰੀ 2024 (ਦੀ ਪੰਜਾਬ ਵਾਇਰ )। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਗੁਰਦਾਸਪੁਰ ਸ਼ਹਿਰ ਵਿੱਚ ਸਥਿਤ ਡੇਰਾ ਬਾਬਾ ਨਾਨਕ ਰੋਡ ਤੋਂ ਨਬੀਪੁਰ ਬਾਈਪਾਸ ਤੱਕ ਸੜਕ ਉੱਪਰ ਲੁੱਕ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਸੜਕ ਉੱਪਰ ਲੁੱਕ ਪਾਉਣ ਦੇ ਇਸ ਕੰਮ ਨੂੰ ਤਿੰਨ ਦਿਨ ਵਿੱਚ ਮੁਕੰਮਲ ਕਰ ਲਿਆ ਜਾਵੇਗਾ।

ਸੜਕ ਉੱਪਰ ਲੁੱਕ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਕਾਹਨੂੰਵਾਨ ਚੌਂਕ ਤੋਂ ਡੇਰਾ ਬਾਬਾ ਨਾਨਕ ਰੋਡ ਰਾਹੀਂ ਨਬੀਪੁਰ ਬਾਈਪਾਸ ਤੱਕ ਸੜਕ ਅਤੇ ਨਾਲ ਹੀ ਨਬੀਪੁਰ ਬਾਈਪਾਸ ਦੀ ਸੜਕ ਦੀ ਕੁੱਲ ਲੰਬਾਈ 6 ਕਿੱਲੋਮੀਟਰ ਬਣਦੀ ਹੈ ਅਤੇ ਇਸ ਸੜਕ ਉੱਪਰ 3.21 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 4 ਕਿੱਲੋਮੀਟਰ ਨਬੀਪੁਰ ਬਾਈਪਾਸ ਦੀ ਸੜਕ ਉੱਪਰ ਲੁੱਕ ਪਾਉਣ ਦਾ ਕੰਮ ਪਹਿਲਾਂ ਹੀ ਮੁਕੰਮਲ ਕਰ ਲਿਆ ਗਿਆ ਅਤੇ ਅੱਜ ਨਬੀਪੁਰ ਬਾਈਪਾਸ ਤੋਂ ਸ਼ਹਿਰ ਵੱਲ ਨੂੰ ਡੇਰਾ ਬਾਬਾ ਨਾਨਕ ਰੋਡ ਦੇ ਦੋ ਕਿਲੋਮੀਟਰ ਟੋਟੇ ਉੱਪਰ ਵੀ ਲੁੱਕ ਪਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੁੱਕ ਪਾਉਣ ਦੇ ਇਸ ਕੰਮ ਨੂੰ 3 ਦਿਨਾਂ ਵਿੱਚ ਸੰਗ ਯਾਤਰਾ ਆਉਣ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਲੰਬੇ ਸਮੇਂ ਤੋਂ ਡੇਰਾ ਬਾਬਾ ਨਾਨਕ ਰੋਡ ਦਾ ਇਹ ਕੰਮ ਅਧੂਰਾ ਪਿਆ ਹੋਣ ਕਾਰਨ ਰੋਜ਼ਾਨਾ ਰਾਹਗੀਰਾਂ ਅਤੇ ਸਥਾਨਕ ਨਿਵਾਸੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਸੜਕ ਨਵੀਂ ਬਣਨ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਡੇਰਾ ਬਾਬਾ ਨਾਨਕ ਸਥਿਤ ਸ੍ਰੀ ਚੋਲ੍ਹਾ ਸਾਹਿਬ ਦੇ ਮੇਲੇ ਨੂੰ ਵੀ ਇਸੇ ਰੋਡ ਰਾਹੀਂ ਸੰਗਤ ਲੰਘਣੀ ਹੈ ਜਿਸ ਕਾਰਨ ਇਸ ਨੂੰ ਮੇਲੇ ਤੋਂ ਪਹਿਲਾਂ ਮੁਕੰਮਲ ਕੀਤਾ ਜਾਵੇਗਾ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਸਰਕਾਰ ਵੱਲੋਂ ਲੋਕਾਂ ਦੇ ਮਸਲੇ ਪਹਿਲ ਦੇ ਅਧਾਰ ‘ਤੇ ਹੱਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਿਕਾਸ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਸ੍ਰੀ ਰਮਨ ਬਹਿਲ ਦੇ ਨਾਲ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਅਤੇ ਇਲਾਕੇ ਦੇ ਮੋਹਤਬਰ ਹਾਜ਼ਰ ਸਨ।

Exit mobile version