ਚੌਥੀ ਕਿਸ਼ਤ ਵਜੋਂ 4,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਵੱਲੋਂ ਕਾਬੂ

ਮੁਲਜ਼ਮ ਅਦਾਲਤ ਵਿੱਚ ਚਲਾਨ ਪੇਸ਼ ਕਰਨ ਬਦਲੇ ਪਹਿਲਾਂ ਵੀ ਲੈ ਚੁੱਕਾ ਸੀ 13,000 ਰੁਪਏ ਰਿਸ਼ਵਤ

ਚੰਡੀਗੜ, 13 ਫਰਵਰੀ 2024 (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਫਾਜ਼ਿਲਕਾ ਜਿਲ੍ਹੇ ਦੇ ਥਾਣਾ ਜਲਾਲਾਬਾਦ ਸਿਟੀ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ) ਸਰੂਪ ਸਿੰਘ ਨੂੰ 4,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਸੁਰਜੀਤ ਸਿੰਘ ਵਾਸੀ ਜੰਮੂ ਬਸਤੀ, ਜਲਾਲਾਬਾਦ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਿਸ ਮੁਲਾਜ਼ਮ ਨੇ ਉਸਦੇ ਖਿਲਾਫ ਦਰਜ ਪੁਲਿਸ ਕੇਸ ਵਿੱਚ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕਰਨ ਬਦਲੇ ਉਸ ਤੋਂ 20,000 ਰੁਪਏ ਰਿਸ਼ਵਤ ਮੰਗੀ ਹੈ ਅਤੇ ਸੌਦਾ 17,000 ਰੁਪਏ ਵਿੱਚ ਤੈਅ ਹੋਇਆ ਹੈ।

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਉਸ ਤੋਂ ਪਹਿਲਾਂ ਵੀ ਤਿੰਨ ਕਿਸ਼ਤਾਂ ‘ਚ 10,000, 2,000 ਅਤੇ 1,000 ਰੁਪਏ ਲੈ ਚੁੱਕਾ ਹੈ ਅਤੇ ਰਿਸ਼ਵਤ ਦੇ ਬਾਕੀ 4,000 ਰੁਪਏ ਮੰਗ ਰਿਹਾ ਹੈ। ਸ਼ਿਕਾਇਤਕਰਤਾ ਨੇ ਸਬੂਤ ਵਜੋਂ ਉਕਤ ਮੁਲਜ਼ਮ ਵੱਲੋਂ ਰਿਸ਼ਵਤ ਮੰਗਣ ਦੀ ਕਾਲ ਰਿਕਾਰਡ ਵੀ ਵਿਜੀਲੈਂਸ ਨੂੰ ਸੌਂਪੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਨੇ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਜਾਲ ਵਿਛਾਇਆ ਅਤੇ ਉਕਤ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 4,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਵਿਜੀਲੈਂਸ ਟੀਮ ਨੇ ਮੌਕੇ ‘ਤੇ ਹੀ ਮੁਲਜ਼ਮ ਕੋਲੋਂ ਰਿਸ਼ਵਤ ਦੀ ਰਕਮ ਬਰਾਮਦ ਕਰ ਲਈ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

Exit mobile version