ਵਿਜੀਲੈਂਸ ਬਿਊਰੋ ਵੱਲੋਂ ਖਪਤਕਾਰਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ’ਚ ਪੀ.ਐਸ.ਪੀ.ਸੀ.ਐਲ. ਮੀਟਰ ਰੀਡਰ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ

ਚੰਡੀਗੜ੍ਹ, 1 ਫਰਵਰੀ 2024 (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਪੀ.ਐਸ.ਪੀ.ਸੀ.ਐਲ. ਸਬ-ਡਵੀਜ਼ਨ ਫਿਰੋਜ਼ਪੁਰ ਸ਼ਹਿਰ ਵਿਖੇ ਤਾਇਨਾਤ ਮੀਟਰ ਰੀਡਰ ਨਵਦੀਪ ਸਿੰਘ ਵਿਰੁੱਧ ਬਿਜਲੀ ਖਪਤਕਾਰਾਂ ਨੂੰ ਡਰਾ ਧਮਕਾ ਕੇ ਰਿਸ਼ਵਤ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਵਿਰੁੱਧ ਇਹ ਕੇਸ ਰਘਬੀਰ ਸਿੰਘ ਵਾਸੀ ਕੀਰਤੀ ਨਗਰ, ਫਿਰੋਜ਼ਪੁਰ ਸ਼ਹਿਰ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੇ ਅਧਾਰ ’ਤੇ ਦਰਜ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਉਕਤ ਮੀਟਰ ਰੀਡਰ ਉਸਦੇ ਘਰ ’ਚ ਲੱਗੇ ਬਿਜਲੀ ਮੀਟਰ ਵਿੱਚ ਖਰਾਬੀ ਹੋਣ ਦਾ ਡਰਾਵਾ ਦੇ ਕੇ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਕਤ ਦੋਸ਼ੀ ਪਹਿਲਾਂ ਵੀ ਇਸ ਸਬੰਧੀ ਉਸ ਤੋਂ ਅਤੇ ਉਸ ਦੀ ਭਰਜਾਈ ਤੋਂ ਕ੍ਰਮਵਾਰ 2,000 ਅਤੇ 5,000 ਰੁਪਏ ਰਿਸ਼ਵਤ ਲੈ ਚੁੱਕਾ ਹੈ ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਇਸ ਸਬੰਧੀ ਪੀ.ਐਸ.ਪੀ.ਸੀ.ਐਲ. ਦੇ ਸਬੰਧਤ ਐਸ.ਡੀ.ਓ ਨੂੰ ਵੀ ਵਿਸਥਾਰ ਸਹਿਤ ਸ਼ਿਕਾਇਤ ਕੀਤੀ ,ਪਰ ਉਸ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਲਈ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਸ਼ਿਕਾਇਤਕਰਤਾ ਦੀ ਭਤੀਜੀ ਵੱਲੋਂ ਰਿਸ਼ਵਤ ਦੀ ਮੰਗ ਕਰ ਕਰੇ ਉਕਤ ਮੀਟਰ ਰੀਟਰ ਦੀ ਗੱਲਬਾਤ ਦੀ ਰਿਕਾਰਡਿੰਗ ਵੀ ਬਣਾਈ ਗਈ ਸੀ, ਜੋ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਪੇਸ਼ ਕਰ ਦਿੱਤੀ ਗਈ।

ਇਸ ਸਬੰਧੀ ਵੀ.ਬੀ ਰੇਂਜ ਫਿਰੋਜ਼ਪੁਰ ਨੇ ਸ਼ਿਕਾਇਤ ਦੀ ਪੜਤਾਲ ਕੀਤੀ ਦੋਸ਼ਾਂ ਨੂੰ ਸਹੀ- ਵ- ਦਰੁਸਤ ਪਾਇਆ । ਇਸ ਰਿਪੋਰਟ ਦੇ ਆਧਾਰ ’ਤੇ ਉਕਤ ਮੁਲਜ਼ਮ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Exit mobile version