ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਲੋਕ ਸੰਪਰਕ ਅਧਿਕਾਰੀ ਡਾ. ਸਰਬਜੀਤ ਸਿੰਘ ਕੰਗਣੀਵਾਲ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ

ਚੰਡੀਗੜ੍ਹ, 31 ਜਨਵਰੀ 2024 (ਦੀ ਪੰਜਾਬ ਵਾਇਰ)। ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਅੱਜ ਲੋਕ ਸੰਪਰਕ ਅਧਿਕਾਰੀ ਡਾ. ਸਰਬਜੀਤ ਸਿੰਘ ਕੰਗਣੀਵਾਲ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ ਦਿੱਤੀ ਗਈ। ਉਨ੍ਹਾਂ ਨੇ ਵਿਭਾਗ ਵਿੱਚ ਤਕਰੀਬਨ 22 ਸਾਲ ਸ਼ਾਨਦਾਰ ਸੇਵਾਵਾਂ ਨਿਭਾਈਆਂ।

ਵਿਦਾਇਗੀ ਸਮਾਗਮ ਦੌਰਾਨ ਡਾ. ਸਰਬਜੀਤ ਸਿੰਘ ਕੰਗਣੀਵਾਲ ਨਾਲ ਆਪਣੀ ਨਿੱਜੀ ਸਾਂਝ ਦੀਆਂ ਤੰਦਾਂ ਫੋਲਦਿਆਂ ਜੁਆਇੰਟ ਡਾਇਰੈਕਟਰ ਸ. ਰਣਦੀਪ ਸਿੰਘ ਆਹਲੂਵਾਲੀਆ, ਜੁਆਇੰਟ ਡਾਇਰੈਕਟਰ ਸ. ਹਰਜੀਤ ਸਿੰਘ ਗਰੇਵਾਲ, ਜੁਆਇੰਟ ਡਾਇਰੈਕਟਰ ਸ੍ਰੀ ਪ੍ਰੀਤ ਕੰਵਲ ਸਿੰਘ, ਡਿਪਟੀ ਡਾਇਰੈਕਟਰ ਸ੍ਰੀ ਇਸ਼ਵਿੰਦਰ ਸਿੰਘ ਗਰੇਵਾਲ, ਡਿਪਟੀ ਡਾਇਰੈਕਟਰ ਸ੍ਰੀ ਮਨਵਿੰਦਰ ਸਿੰਘ, ਡਿਪਟੀ ਡਾਇਰੈਕਟਰ ਸ੍ਰੀਮਤੀ ਸ਼ਿਖਾ ਨਹਿਰਾ, ਡਿਪਟੀ ਡਾਇਰੈਕਟਰ ਸ੍ਰੀ ਗੁਰਮੀਤ ਸਿੰਘ ਖਹਿਰਾ, ਆਈ.ਪੀ.ਆਰ.ਓ. ਸ੍ਰੀ ਨਵਦੀਪ ਸਿੰਘ ਗਿੱਲ ਤੇ ਸ੍ਰੀ ਕੁਲਤਾਰ ਸਿੰਘ ਮੀਆਂਪੁਰੀ ਅਤੇ ਹੋਰ ਅਧਿਕਾਰੀਆਂ ਨੇ ਡਾ. ਕੰਗਣੀਵਾਲ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ।

ਡਾ. ਕੰਗਣੀਵਾਲ ਵੱਲੋਂ ਵਿਭਾਗ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਕੰਗਣੀਵਾਲ ਦੀ ਮਿਸਾਲੀ ਸਖ਼ਤ ਮਿਹਨਤ, ਸਮਰਪਣ ਅਤੇ ਲਗਨ ਉਨ੍ਹਾਂ ਦੇ ਸਾਥੀਆਂ ਅਤੇ ਨਵੇਂ ਭਰਤੀ ਹੋਏ ਸਟਾਫ਼ ਮੈਂਬਰਾਂ ਨੂੰ ਪੂਰੀ ਸ਼ਿੱਦਤ ਨਾਲ ਸੇਵਾਵਾਂ ਨਿਭਾਉਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।

ਬੁਲਾਰਿਆਂ ਨੇ ਕਿਹਾ ਕਿ ਸੇਵਾਮੁਕਤ ਹੋਣ ਤੋਂ ਬਾਅਦ ਡਾ. ਕੰਗਣੀਵਾਲ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਤੋਂ ਇਲਾਵਾ ਆਪਣੇ ਪਰਿਵਾਰ ਨਾਲ ਹੋਰ ਕੀਮਤੀ ਸਮਾਂ ਬਿਤਾ ਸਕਣਗੇ। ਇਸ ਮੌਕੇ ਸਟਾਫ਼ ਮੈਂਬਰਾਂ ਵੱਲੋਂ ਡਾ. ਸਰਬਜੀਤ ਸਿੰਘ ਕੰਗਣੀਵਾਲ ਅਤੇ ਉਨ੍ਹਾਂ ਦੀ ਪਤਨੀ ਡਾ. ਮਾਲਤੀ ਸਿੰਘ, ਵਿਗਿਆਨੀ, ਨਾਈਪਰ (ਮੋਹਾਲੀ) ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Exit mobile version