ਪੰਜਾਬ ਦੇ ਬਾਗ਼ਬਾਨੀ ਖੇਤਰ ਲਈ ਨਵੀਨਤਮ ਤਕਨੀਕਾਂ ਪ੍ਰਦਾਨ ਕਰੇਗਾ ਇਜ਼ਰਾਈਲ

ਇਜ਼ਰਾਈਲ ਦੇ ਵਫ਼ਦ ਵੱਲੋਂ ਬਾਗ਼ਬਾਨੀ ਮੰਤਰੀ ਨਾਲ ਮੁਲਾਕਾਤ

ਨਵੀਨਤਮ ਤਕਨਾਲੌਜੀ ਅਤੇ ਬਾਗ਼ਬਾਨੀ ਦੀਆਂ ਨਵੀਆਂ ਕਿਸਮਾਂ ਪ੍ਰਦਾਨ ਕਰਨ ਲਈ ਮਾਹਰ ਪੱਧਰ ਦੀਆਂ ਮੀਟਿੰਗਾਂ ਫ਼ਰਵਰੀ ਅਤੇ ਮਾਰਚ ਮਹੀਨਿਆਂ ਵਿੱਚ ਹੋਣਗੀਆਂ

ਚੰਡੀਗੜ੍ਹ, 23 ਜਨਵਰੀ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸੂਬੇ ਵਿੱਚ ਖੇਤੀਬਾੜੀ ਤਕਨੀਕਾਂ ਨੂੰ ਹੋਰ ਵਿਕਸਿਤ ਕਰਨ ਸਬੰਧੀ ਆਪਸੀ ਸਹਿਯੋਗ ਦੇ ਮੌਕੇ ਤਲਾਸ਼ਣ ਲਈ ਇਜ਼ਰਾਈਲ ਦੇ ਉੱਚ-ਪੱਧਰੀ ਵਫ਼ਦ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਬਾਗ਼ਬਾਨੀ ਪ੍ਰਾਜੈਕਟਾਂ ‘ਚ ਮੌਜੂਦਾ ਭਾਈਵਾਲੀ ਦੇ ਆਧਾਰ ‘ਤੇ ਖੇਤੀ ਵਿੱਚ ਡਿਜੀਟਲ ਕ੍ਰਾਂਤੀ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਪੰਜਾਬ ਵਿੱਚ ਇਜ਼ਰਾਈਲੀ ਭਾਈਵਾਲੀ ਨਾਲ ਬਾਗ਼ਬਾਨੀ ਖੇਤਰ ਵਿੱਚ ਪਹਿਲਾਂ ਵੀ ਕਈ ਪ੍ਰਾਜੈਕਟ ਚਲਾਏ ਜਾ ਰਹੇ ਹਨ।

ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਮੀਟਿੰਗ ਦੌਰਾਨ ਇਜ਼ਰਾਈਲੀ ਸਫ਼ਾਰਤਖ਼ਾਨੇ ਦੇ ਨਵੀਂ ਦਿੱਲੀ ਵਿਖੇ ਗ੍ਰਹਿ ਮਾਮਲਿਆਂ ਬਾਰੇ ਸਿਆਸੀ ਸਲਾਹਕਾਰ ਮੈਡਮ ਹਦਾਸ ਬਖ਼ਸਤ ਨਾਲ ਮੁਲਾਕਾਤ ਦੌਰਾਨ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਬੜੀ ਤੇਜ਼ ਰਫ਼ਤਾਰ ਨਾਲ ਘਟ ਰਿਹਾ ਹੈ ਜਿਸ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਇਜ਼ਰਾਈਲ ਤੋਂ ਘੱਟ ਪਾਣੀ ਨਾਲ ਵੱਧ ਝਾੜ ਦੇਣ ਵਾਲੀਆਂ ਅਤੇ ਬੀਮਾਰੀ ਤੇ ਵਾਇਰਸ ਰਹਿਤ ਬਾਗ਼ਬਾਨੀ ਦੀਆਂ ਕਿਸਮਾਂ ਉਪਲਬਧ ਕਰਵਾਉਣ ਲਈ ਕਿਹਾ। ਕੈਬਨਿਟ ਮੰਤਰੀ ਨੇ ਸੂਬੇ ਵਿੱਚ ਕਿੰਨੂ ਦੀ ਬੰਪਰ ਫ਼ਸਲ ਹੋਣ ‘ਤੇ ਕਿੰਨੂ ਦੀ ਸਾਰੀ ਉਪਜ ਦੀ ਮਾਰਕਟਿੰਗ ਯਕੀਨੀ ਬਣਾਉਣ ਲਈ ਖੇਤ ਤੋਂ ਮੰਡੀ ਤੱਕ ਦੇ ਤਕਨਾਲੌਜੀ ਮੁਹੱਈਆ ਕਰਵਾਉਣ ਲਈ ਵੀ ਕਿਹਾ।

ਉਨ੍ਹਾਂ ਆਪਸੀ ਸਹਿਯੋਗ ਲਈ ਮੁੱਖ ਖੇਤਰਾਂ ਨੂੰ ਉਜਾਗਰ ਕੀਤਾ, ਜਿਨ੍ਹਾਂ ਵਿੱਚ ਕੀਟਾਂ ਦੇ ਨਾਸ਼ ਦੇ ਖਾਤਮੇ, ਜਲਵਾਯੂ ਅਤੇ ਮਿੱਟੀ ਲਈ ਨਿਗਰਾਨ ਪ੍ਰਣਾਲੀਆਂ ਹਿੱਤ ਡਿਜੀਟਲ ਹੱਲ ਵਿਕਸਿਤ ਕਰਨਾ, ਫਸਲ ਉਪਜ ਲਈ ਮਸਨੂਈ ਬੌਧਿਕਤਾ (ਏ.ਆਈ), ਡਿਜੀਟਲ ਸਪੋਰਟ ਸਿਸਟਮ, ਵਾਢੀ ਅਤੇ ਸਪਰੇਆਂ ਲਈ ਡਰੋਨਾਂ ਦੀ ਵਰਤੋਂ ਅਤੇ ਮਿਆਰੀ ਖੇਤੀ ਲਈ ਸਾਫਟਵੇਅਰ ਸਲਿਊਸ਼ਨ ਵਿਕਸਿਤ ਕਰਨਾ ਸ਼ਾਮਲ ਹੈ। ਵਿਚਾਰ-ਚਰਚਾ ਦੌਰਾਨ ਭੋਜਨ ਦੀ ਵਧਦੀ ਮੰਗ ਦੇ ਹੱਲ ਲਈ ਗ੍ਰੀਨਹਾਊਸਿਜ਼ ਅਤੇ ਹਾਈਡ੍ਰੋਪੋਨਿਕ ਖੇਤੀ ਵਿੱਚ ਸਾਲ ਭਰ ਕਾਸ਼ਤ ਦੀ ਸੰਭਾਵਨਾ ਬਾਰੇ ਵੀ ਵਿਚਾਰ ਕੀਤਾ ਗਿਆ।

ਕੈਬਨਿਟ ਮੰਤਰੀ ਨੇ ਉੱਚ-ਤਕਨੀਕੀ ਖੇਤੀ ਮਸ਼ੀਨਰੀ, ਕਟਾਈ ਮਸ਼ੀਨਾਂ, ਟ੍ਰੀ ਸ਼ੇਕਰਜ਼, ਕਲਟੀਵੇਟਰਸ, ਰੋਟਰੀ ਮਲਚਰਜ਼ ਅਤੇ ਸਪੈਸ਼ਲ ਫੀਲਡ ਰੋਬੋਟਸ ਦੀ ਵਰਤੋਂ ‘ਤੇ ਜ਼ੋਰ ਦਿੰਦਿਆਂ ਕੁਸ਼ਲ ਅਤੇ ਟਿਕਾਊ ਖੇਤੀ ਲਈ ਸੈਂਸਰ ਤਕਨਾਲੌਜੀ ਆਧਾਰਤ ਸਿੰਚਾਈ ਪ੍ਰਣਾਲੀਆਂ ਅਤੇ ਨਵੀਨਤਮ ਸਟੋਰੇਜ ਸਲਿਊਸ਼ਨਜ਼ ਬਾਰੇ ਵਿਸ਼ੇਸ਼ ਧਿਆਨ ਦੁਆਇਆ।

ਨਿੰਬੂ ਪ੍ਰਜਾਤੀ ਦੀ ਖੇਤੀ ਵਿੱਚ ਉੱਨਤ ਅਭਿਆਸਾਂ ਦੀ ਲੋੜ ਦਾ ਜ਼ਿਕਰ ਕਰਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਜੈਵਿਕ ਰਹਿੰਦ-ਖੂਹੰਦ ਦੇ ਪ੍ਰਭਾਵੀ ਪ੍ਰਬੰਧਨ ਲਈ ਬਾਈ-ਪ੍ਰੋਡੱਕਟ ਤਕਨੀਕਾਂ ਦੇ ਏਕੀਕਰਨ ਦੀ ਤਜਵੀਜ਼ ਰੱਖੀ। ਉਨ੍ਹਾਂ ਕਿਹਾ ਕਿ ਕਿੰਨੂ ਮੈਂਡਰਿਨ ਫਲ ਦੇ ਇੱਕ ਟੁਕੜੇ ਵਿੱਚ ਔਸਤਨ 45-50 ਫ਼ੀਸਦੀ ਜੂਸ ਹੁੰਦਾ ਹੈ ਅਤੇ ਬਾਕੀ ਹਿੱਸੇ ਵਿੱਚ ਛਿਲਕੇ ਵਗੈਰਾ ਹੁੰਦੇ ਹਨ, ਜਿਸ ਦੀ ਹੁਣ ਤੱਕ ਕੋਈ ਵਰਤੋਂ ਨਹੀਂ ਹੋਈ। ਇਸ ਲਈ ਨਿੰਬੂ ਪ੍ਰਜਾਤੀ ਦੀ ਜੈਵਿਕ ਰਹਿੰਦ-ਖੂਹੰਦ ਜਿਵੇਂ ਲਿਮੋਨਿਨ, ਛਿਲਕੇ ਦਾ ਤੇਲ ਆਦਿ ਕੱਢਣ ਦੇ ਪ੍ਰਬੰਧਨ ਲਈ ਪ੍ਰੋਸੈਸਿੰਗ ਯੂਨਿਟਾਂ ਵਿੱਚ ਨਵੀਂ ਮਸ਼ੀਨਰੀ ਦੀ ਵਰਤੋਂ ਕਾਫ਼ੀ ਲਾਹੇਵੰਦ ਹੋਵੇਗੀ।

ਉਨ੍ਹਾਂ ਨੇ ਨਿੰਬੂ ਪ੍ਰਜਾਤੀਆਂ ਦੀਆਂ ਨਵੀਆਂ ਪੇਟੈਂਟ ਕਿਸਮਾਂ, ਕੀਟਾਂ ਪ੍ਰਤੀ ਰੋਧਕ ਰੂਟਸਟਾਕਸ ਅਤੇ ਡਰੈਗਨ ਫਰੂਟ ਅਤੇ ਰਸਬੇਰੀ ਵਰਗੀਆਂ ਨਵੀਆਂ ਫਸਲਾਂ ਦੀ ਕਾਸ਼ਤ ਕਰਨ ਲਈ ਨਵੇਂ ਬੀਜ ਪ੍ਰਦਾਨ ਕਰਨ ਵਾਸਤੇ ਵੀ ਕਿਹਾ।

ਉਨ੍ਹਾਂ ਸਬਜ਼ੀਆਂ ਦੇ ਖੇਤਰ ਵਿੱਚ, ਤਰਬੂਜ ਦੀਆਂ ਪਰਥੈਨੋਕਾਰਪਿਕ (ਬੀਜ ਰਹਿਤ) ਕਿਸਮਾਂ, ਮਸ਼ੀਨੀਕਰਨ ਲਈ ਢੁਕਵੀਆਂ ਮਟਰਾਂ ਅਤੇ ਟਮਾਟਰਾਂ ਦੀਆਂ ਇਕੋ ਵਾਰ ‘ਚ ਤੋੜਨਯੋਗ ਕਿਸਮਾਂ ਅਤੇ ਫਰੂਟ ਤੇ ਸ਼ੂਟ ਬੋਰਜ਼ ਪ੍ਰਤੀ ਰੋਧਕ ਬੈਂਗਣ ਦੀਆਂ ਕਿਸਮਾਂ ਦੀ ਸ਼ੁਰੂਆਤ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਨੇ ਕੀਟਾਂ ਅਤੇ ਬਿਮਾਰੀਆਂ ਪ੍ਰਤੀ ਰੋਧਕ ਰੂਟਸਟਾਕ ਨਾਲ ਸਬਜ਼ੀਆਂ ਦੀ ਗ੍ਰਾਫਟਿੰਗ (ਪਿਉਂਦ ਚੜ੍ਹਾਉਣ) ਦੀ ਮਹੱਤਤਾ ਦੇ ਨਾਲ-ਨਾਲ ਸਬਜ਼ੀਆਂ, ਖਾਸ ਕਰਕੇ ਟਮਾਟਰਾਂ ਦੀਆਂ ਪ੍ਰੋਸੈਸਿੰਗ ਕਿਸਮਾਂ ਦੇ ਵਿਕਾਸ ’ਤੇ ਵੀ ਜ਼ੋਰ ਦਿੱਤਾ।

ਕੈਬਨਿਟ ਮੰਤਰੀ ਨੇ ਬਾਗ਼ਬਾਨੀ ਵਿੱਚ ਬਾਇਓ-ਡੀਗ੍ਰੇਡੇਬਲ ਅਤੇ ਸਲੋਅ ਰਿਲੀਜ਼ ਖਾਦ ਤਕਨੀਕ ਦੀ ਲੋੜ ਦੇ ਨਾਲ-ਨਾਲ ਕੀਟਾਂ ਅਤੇ ਬਿਮਾਰੀਆਂ ’ਤੇ ਕਾਬੂ ਪਾਉਣ ਲਈ ਬਾਇਓ-ਪੈਸਟੀਸਾਈਡ ਤਕਨਾਲੌਜੀ ਦੀ ਵਰਤੋਂ ਵਾਸਤੇ ਕਿਹਾ। ਉਨ੍ਹਾਂ ਬਾਗ਼ਬਾਨੀ ਸਬੰਧੀ ਫਸਲਾਂ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਦਾ ਪਤਾ ਲਗਾਉਣ ਲਈ ਤਤਕਾਲ ਸੈਂਸਰ-ਆਧਾਰਿਤ ਤਕਨੀਕਾਂ ਨੂੰ ਸ਼ਾਮਲ ਕਰਨ ਦੀ ਵੀ ਤਜਵੀਜ਼ ਦਿੱਤੀ।

ਭਵਿੱਖੀ ਸੰਭਾਵਨਾਵਾਂ ਦੇ ਮੱਦੇਨਜ਼ਰ ਮੰਤਰੀ ਨੇ ਖੇਤੀਬਾੜੀ ਵਿਸਤਾਰ ਪ੍ਰਣਾਲੀਆਂ ਵਿੱਚ ਵਿਸ਼ਵਵਿਆਪੀ ਰੁਝਾਨਾਂ ਨੂੰ ਅਪਣਾਉਣ ਦੀ ਗੱਲ ਆਖੀ। ਇਸ ਤੋਂ ਇਲਾਵਾ ਉਨ੍ਹਾਂ ਨੇ 10 ਤੋਂ 20 ਅਧਿਕਾਰੀਆਂ ਦਾ ਇੱਕ ਵਫ਼ਦ ਇਜ਼ਰਾਈਲ ਭੇਜਣ ਦੀ ਇੱਛਾ ਵੀ ਪ੍ਰਗਟਾਈ ਤਾਂ ਜੋ ਅਜਿਹੀਆਂ ਨਵੀਨਤਾਕਾਰੀ ਤੇ ਲਾਭਕਾਰੀ ਪ੍ਰਣਾਲੀਆਂ ਪੰਜਾਬ ਵਿੱਚ ਲਾਗੂ ਕੀਤੀਆਂ ਜਾ ਸਕਣ ਅਤੇ ਸੂਬੇ ਦੇ ਕਿਸਾਨਾਂ ਦੇ ਜੀਵਨ-ਪੱਧਰ ਨੂੰ ਹੋਰ ਬਿਹਤਰ ਤੇ ਉਜਵਲ ਬਣਾਇਆ ਜਾ ਸਕੇ।

ਬਾਗ਼ਬਾਨੀ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਸ਼ੈਲੇਂਦਰ ਕੌਰ ਨੇ ਬਾਗ਼ਬਾਨੀ ਫ਼ਸਲਾਂ ਦੀ ਤੁੜਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਇਜ਼ਰਾਈਲ ਤਕਨਾਲੌਜੀ ਦੇ ਸਹਿਯੋਗ ਨਾਲ ਪੰਜਾਬ ਵਿੱਚ ਏਕੀਕ੍ਰਿਤ ਵੈਲਿਊ ਚੇਨ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ‘ਤੇ ਜ਼ੋਰ ਦਿੱਤਾ।

ਮਿਸ ਹਦਾਸ ਬਖ਼ਸਤ ਨੇ ਕਿਹਾ ਕਿ ਇਜ਼ਰਾਈਲ ਪੰਜਾਬ ਰਾਜ ਨਾਲ ਖੇਤੀ ਅਤੇ ਬਾਗ਼ਬਾਨੀ ਖੇਤਰ ਵਿੱਚ ਤਕਨਾਲੌਜੀ ਦਾ ਹੋਰ ਵਿਸਥਾਰ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਨਵੀਨਤਮ ਤਕਨਾਲੌਜੀ ਪ੍ਰਦਾਨ ਕਰਨ ਅਤੇ ਨਵੀਆਂ ਬਾਗ਼ਬਾਨੀ ਕਿਸਮਾਂ ਆਦਿ ਮੁਹੱਈਆ ਕਰਵਾਉਣ ਲਈ ਮਾਹਰ ਪੱਧਰ ਦੀਆਂ ਮੀਟਿੰਗਾਂ ਫ਼ਰਵਰੀ ਅਤੇ ਮਾਰਚ ਮਹੀਨਿਆਂ ਦੌਰਾਨ ਕੀਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਇਜ਼ਰਾਈਲ ਵੱਲੋਂ ਪੰਜਾਬ ਵਿੱਚ ਦੋ ਸੈਂਟਰ ਆਫ ਐਕਸੀਲੈਂਸ ਪਹਿਲਾਂ ਹੀ ਚਲਾਏ ਜਾ ਰਹੇ ਹਨ ਅਤੇ ਇਜ਼ਰਾਈਲ ਅੱਗੇ ਵੀ ਖੇਤੀ ਤਕਨੀਕਾਂ ਸਾਂਝੀਆਂ ਕਰਦਾ ਰਹੇਗਾ।

ਮੀਟਿੰਗ ਦੌਰਾਨ ਡਾਇਰੈਕਟਰ ਬਾਗ਼ਬਾਨੀ ਸ਼੍ਰੀਮਤੀ ਸ਼ੈਲੇਂਦਰ ਕੌਰ, ਸਹਾਇਕ ਡਾਇਰੈਕਟਰ ਬਾਗ਼ਬਾਨੀ ਡਾ. ਹਰਪ੍ਰੀਤ ਸਿੰਘ, ਡਾ. ਦਲਜੀਤ ਸਿੰਘ ਅਤੇ ਡਾ. ਬਲਵਿੰਦਰ ਸਿੰਘ, ਬਾਗ਼ਬਾਨੀ ਵਿਕਾਸ ਅਫਸਰ ਸ਼੍ਰੀਮਤੀ ਬਲਵਿੰਦਰਜੀਤ ਕੌਰ ਅਤੇ ਹੋਰ ਅਧਿਕਾਰੀ ਮੌਜੂਦ ਸਨ।

Exit mobile version