ਚੈਂਬਰ ਆਫ ਕਮਰਸ ਨੇ ਵਪਾਰੀਆਂ ਕਾਰੋਬਾਰੀਆਂ ਨੂੰ ਬਿਜਲੀ ਮੁਫਤ ਦੇਣ ਦੀ ਮੰਗ ਨੂੰ ਲੈ ਕੇ ਰਮਨ ਬਹਿਲ ਜਰਿਏ ਬਿਜਲੀ ਮੰਤਰੀ ਨੂੰ ਦਿੱਤਾ ਮੰਗ ਪੱਤਰ

ਕਿਹਾ ਅਨਿਥੇ ਕੱਟਾ ਤੇ ਵੀ ਲਗਾਈ ਜਾਏ ਰੋਕ, ਵਪਾਰੀਆਂ ਨੂੰ ਹੋ ਰਿਹਾ ਹੈ ਨੁਕਸਾਨ

ਗੁਰਦਾਸਪੁਰ 17 ਜਨਵਰੀ 2024 (ਦੀ ਪੰਜਾਬ ਵਾਇਰ)। ਚੇਂਬਰ ਆਫ ਕਮਰਸ ਵੱਲੋਂ ਬੀਤੇ ਦਿੰਨੀ ਪੰਜਾਬ ਸਰਕਾਰ ਅੱਗੇ ਵਪਾਰੀਆਂ, ਕਾਰੋਬਾਰੀਆਂ ਅਤੇ ਛੋਟੇ ਇੰਡਸਟਰੀ ਮਾਲਕਾਂ ਨੂੰ ਮੁਫਤ ਜਾਂ ਰਿਆਇਤੀ ਮੁੱਲ ਤੇ ਬਿਜਲੀ ਮੁਹਈਆ ਕਰਵਾਉਣ ਦੀ ਮੰਗ ਰੱਖੀ ਗਈ। ਚੈਂਬਰ ਆਫ ਕਮਰਸ ਦੇ ਚੇਅਰਮੈਨ ਅਨੂ ਗੰਢੋਤਰਾ ਦੀ ਪ੍ਰਧਾਨਗੀ ਹੇਠ ਚੈਂਬਰ ਆਫ ਕਮਰਸ ਦੇ ਅਹੁਦੇਦਾਰਾਂ ਦਾ ਇੱਕ ਵਫਦ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਰਾਹੀ ‌ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਮਿਲਿਆ ਅਤੇ ਆਪਣੀ ਇਸ ਮੰਗ ਨਾਲ ਸੰਬੰਧਿਤ ਮੰਗ ਪੱਤਰ ਦਿੱਤਾ।

ਜਾਣਕਾਰੀ ਦਿੰਦਿਆਂ ਅਨੂ ਗੰਡੋਤਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰੇਲੂ ਅਤੇ ਕਾਸ਼ਤਕਾਰੀ ਖਪਤਕਾਰਾਂ ਨੂੰ ਮੁਫਤ ਬਿਜਲੀ ਮੁਹਈਆ ਕਰਵਾਈ ਜਾ ਰਹੀ ਹੈ ਜਦ ਕਿ ਪੰਜਾਬ ਵਿੱਚ ਛੋਟੇ ਵਪਾਰੀਆਂ ਦੁਕਾਨਦਾਰਾਂ ਕਾਰੋਬਾਰੀਆਂ ਅਤੇ ਛੋਟੀਆਂ ਫੈਕਟਰੀਆਂ ਦੇ ਮਾਲਕਾਂ ਦਾ ਵੀ ਕਰੋਨਾ ਸਮੇਂ ਦੌਰਾਨ ਬਹੁਤ ਆਰਥਿਕ ਨੁਕਸਾਨ ਹੋਇਆ ਹੈ। ਕਰੋਨਾ ਕਾਲ ਦੇ ਮਾਰੇ ‌ ਦੁਕਾਨਦਾਰ ਅਤੇ ਕਾਰੋਬਾਰੀ ਅੱਜ ਵੀ ਬਾਜ਼ਾਰ ਵਿੱਚ ਮੰਦੀ ਦਾ ਸਾਹਮਣਾ ਕਰ ਰਹੇ ਹਨ ਅਤੇ ਕਈ ਤਾਂ ਆਪਣੇ ਵਪਾਰ ਵੀ ਬੰਦ ਕਰ ਚੁੱਕੇ ਹਨ। ਗੰਡੋਤੜਾ ਨੇ ਕਿਹਾ ਕਿ ਪੰਜਾਬ ਇੱਕ ਉਨੱਤ ਸੂਬਾ ਹੈ ਤੇ ਵਪਾਰੀ ਇਸ ਸੂਬੇ ਦੀ ਨੀਂਹ ਹਨ।ਜੇਕਰ ਵਪਾਰੀਆਂ ਨੂੰ ਬਿਜਲੀ ਬਿੱਲ ਮਾਫ ਕੀਤੇ ਜਾਂਦੇ ਹਨ ਜਾਂ ਫਿਰ ਬਿਜਲੀ ਦੀਆਂ ਦਰਾਂ ਵਿੱਚ ਕੁਝ ਰਿਆਇਤ ਦਿੱਤੀ ਜਾਂਦੀ ਹੈ ਤਾਂ ਸੂਬਾ ਹੋਰ ਵੀ ਤੇਜ਼ੀ ਨਾਲ ਤਰੱਕੀ ਕਰੇਗਾ। ਇਸ ਦੇ ਨਾਲ ਹੀ ਗੰਡੋਤਰਾ ਨੇ ਕਿਹਾ ਕਿ ਗੁਰਦਾਸਪੁਰ ਇੱਕ ਸਰਹੱਦੀ ਖੇਤਰ ਹੈ ਅਤੇ ਇਸ ਖੇਤਰ ਵਿੱਚ ਵਪਾਰ ਵਧਾਉਣ ਵਾਸਤੇ ਬਿਜਲੀ ਦੀ ਦਰਾਂ ਵਿੱਚ ਖਾਸ ਤਰ੍ਹਾਂ ਦੀ ਛੂਟ ਸਰਕਾਰ ਨੂੰ ਦੇਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। 

ਆਪਣੀ ਇਸ ਮੰਗ ਦੇ ਨਾਲ ਹੀ ਚੈੰਬਰ ਆਫ ਕਮਰਸ ਵੱਲੋਂ ਅਨਮਿਥੇ ਬਿਜਲੀ ਦੇ ਕੱਟ ਰੋਕਣ ਅਤੇ ਬਿਜਲੀ ਦੀ ਕਟਾਂ ਲਈ ਮਹੀਨੇ ਵਿੱਚ ਇਕ ਦੋ ਦਿਨ ਨਿਰਧਾਰਿਤ ਕਰਨ ਦੀ ਮੰਗ ਵੀ ਰੱਖੀ ਹੈ। ਇਸ ਮੌਕੇ ਤੇ ਪ੍ਰਧਾਨ ਵਿਕਾਸ ਮਹਾਜਨ, ਸੁਭਾਸ਼ ਭੰਡਾਰੀ, ਜੁਗਲ ਕਿਸ਼ੋਰ ,ਸੁਰਿੰਦਰ ਮਹਾਜਨ,ਅਨਮੋਲ ਸ਼ਰਮਾ, ਵਿਨੇ ਮਹਾਜਨ, ਨਿਤਿਨ ਸ਼ਰਮਾ ਭਰਤ ਗਾਬਾ, , ਕਰਨ ਗੁਪਤਾ ,ਪੁਨੀਤ ਗੁਪਤਾ ਅਤੇ ਤਰਿਭੁਵਨ ਮਹਾਜਨ  ਆਦਿ ਵੀ ਹਾਜ਼ਰ ਸਨ।

Exit mobile version