ਕੈਬਨਿਟ ਮੰਤਰੀ ਜਿੰਪਾ ਅਤੇ ਡਿਪਟੀ ਕਮਿਸ਼ਨਰ ਨੇ ਚਿਲਡਰਨ ਹੋਮ ਵਿਖੇ ਬੱਚਿਆਂ ਨਾਲ ਮਨਾਈ ਲੋਹੜੀ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਚਿਲਡਰਨ ਹੋਮ ਵਿਖੇ ਲੋਹੜੀ ਮੌਕੇ ਸਮਾਗਮ 

ਸਾਰੇ ਬੱਚਿਆਂ ਨੂੰ ਦਿੱਤੇ ਤੋਹਫੇ, ਸਪੋਰਟਸ ਸ਼ੂਜ਼, ਸਕੂਲ ਬੈਗ, ਸਟੇਸ਼ਨਰੀ, ਲੰਚ ਬਾਕਸ, ਵਾਟਰ ਬੌਟਲਜ਼ ਅਤੇ ਗਰਮ ਜੁਰਾਬਾਂ 

ਹੁਸ਼ਿਆਰਪੁਰ, 13 ਜਨਵਰੀ 2024 (ਦੀ ਪੰਜਾਬ ਵਾਇਰ)। ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਸੂਬੇ ਦੇ ਲੋਕਾਂ ਨੂੰ ਲੋਹੜੀ ਦੀ ਵਧਾਈ ਦਿੰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਹ ਤਿਉਹਾਰ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਅਤੇ ਸਮਾਜ ਵਿਚ ਫ਼ੈਲੀਆਂ ਬੁਰਾਈਆਂ ਦਾ ਅੰਤ ਹੋਵੇ। ਉਹ ਅੱਜ ਚਿਲਡਰਨ ਹੋਮ ਰਾਮ ਕਲੋਨੀ ਕੈਂਪ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਕਰਵਾਏ ਲੋਹੜੀ ਸਮਾਗਮ ਦੌਰਾਨ ਬੱਚਿਆਂ ਨਾਲ ਲੋਹੜੀ ਮਨਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਵੀ ਮੌਜੂਦ ਸਨ।

ਇਸ ਦੌਰਾਨ ਕੈਬਨਿਟ ਮੰਤਰੀ ਨੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਅਕਸਰ ਸਮਾਗਮ ਕਰਵਾਏ ਜਾਂਦੇ ਹਨ, ਜਿਸ ਨਾਲ ਬੱਚਿਆਂ ਦਾ ਮਨੋਬਲ ਵਧਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਹੈ, ਜਿਸ ਦੌਰਾਨ ਚਿਲਡਰਨ ਹੋਮ ਦੇ ਸਾਰੇ ਬੱਚਿਆਂ ਨੂੰ ਸ਼ਗਨ ਦੇ ਤੌਰ ‘ਤੇ 200-200 ਰੁਪਏ, ਸਪੋਰਟਸ ਸ਼ੂਜ਼, ਸਕੂਲ ਬੈਗ, ਡਰਾਇੰਗ ਬੁੱਕ, ਕਲਰਸ, ਨੋਟ ਬੁੱਕ, ਲੰਚ ਬਾਕਸ, ਵਾਟਰ ਬੌਟਲਜ਼ ਅਤੇ ਗਰਮ ਜੁਰਾਬਾਂ ਭੇਟ ਕੀਤੀਆਂ ਗਈਆਂ ਹਨ। ਉਨ੍ਹਾਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਰਾਮ ਕਲੋਨੀ ਕੈਂਪ ਸਥਿਤ ਚਿਲਡਰਨ ਹੋਮ ਅਤੇ ਓਲਡ ਏਜ ਹੋਮ ਵਿਚ ਆ ਕੇ ਆਪਣੇ ਖੁਸ਼ੀਆਂ ਭਰੇ ਦਿਨ ਅਤੇ ਤਿਉਹਾਰ ਮਨਾਉਣ ਤਾਂ ਜੋ ਇਥੇ ਰਹਿੰਦੇ ਬੱਚਿਆਂ ਅਤੇ ਬਜ਼ੁਰਗਾਂ ਵਿਚ ਆਪਸੀ ਸਾਂਝ ਦਾ ਅਹਿਸਾਸ ਹੋਵੇ।

ਇਸ ਮੌਕੇ ਅਗਿਆਪਾਲ ਸਿੰਘ ਸਾਹਨੀ, ਰਾਜੇਸ਼ ਜੈਨ, ਰਾਜੀਵ ਬਜਾਜ, ਅਦਿੱਤਿਆ ਰਾਣਾ, ਸਰਬਜੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।

Exit mobile version