ਡਿਪਟੀ ਕਮਿਸ਼ਨਰ ਨੇ ਖੇਤੀ ਅਧਿਕਾਰੀ ਅਮਨਦੀਪ ਕੌਰ ਦੇ ਘਰ ਜਾ ਉਸਦੀ ਸਿਹਤ ਦਾ ਹਾਲ ਜਾਣਿਆ

ਪਰਾਲੀ ਨੂੰ ਅੱਗ ਨਾ ਲਗਾਉਣ ਦੀ ਮੁਹਿੰਮ ਵਿੱਚ ਵਧੀਆ ਸੇਵਾਵਾਂ ਨਿਭਾਉਣ ਲਈ ਅਮਨਦੀਪ ਕੌਰ ਨੂੰ ਕੀਤਾ ਸਨਮਾਨਿਤ

ਗੁਰਦਾਸਪੁਰ, 9 ਦਸੰਬਰ 2023 (ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਖੇਤੀਬਾੜੀ ਵਿਭਾਗ ਦੀ ਅਧਿਕਾਰੀ ਖੇਤੀ ਵਿਸਥਾਰ ਅਫ਼ਸਰ ਅਮਨਦੀਪ ਕੌਰ ਦੇ ਘਰ ਜਾ ਕੇ ਉਸਦੀ ਸਿਹਤ ਦਾ ਹਾਲ ਜਾਣਿਆ ਹੈ ਅਤੇ ਨਾਲ ਹੀ ਉਸਨੂੰ ਵਧੀਆ ਸੇਵਾਵਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਹੈ।

ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਜਿਸ ਵਿੱਚ ਖੇਤੀ ਵਿਸਥਾਰ ਅਫ਼ਸਰ ਅਮਨਦੀਪ ਕੌਰ ਵੱਲੋਂ ਆਪਣਾ ਬਹੁਤ ਵਧੀਆ ਯੋਗਦਾਨ ਪਾਇਆ ਗਿਆ ਸੀ। ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਮੁਹਿੰਮ ਦੌਰਾਨ ਜਦੋਂ ਅਮਨਦੀਪ ਕੌਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰ ਰਹੇ ਸਨ ਤਾਂ ਇੱਕ ਦਿਨ ਡਿਊਟੀ ਤੋਂ ਵਾਪਸ ਆਉਂਦੇ ਸਮੇਂ ਐਕਸੀਡੈਂਟ ਹੋਣ ਕਾਰਨ ਉਨ੍ਹਾਂ ਦੀ ਸੱਜੀ ਲੱਤ ਟੁੱਟ ਗਈ ਸੀ। ਅਮਨਦੀਪ ਕੌਰ ਇਸ ਸਮੇਂ ਜ਼ੇਰ-ਏ-ਇਲਾਜ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਖੇਤੀ ਵਿਸਥਾਰ ਅਫ਼ਸਰ ਅਮਨਦੀਪ ਕੌਰ ਦੇ ਗੁਰਦਾਸਪੁਰ ਸਥਿਤ ਪਹੁੰਚ ਕੇ ਜਿਥੇ ਅਮਨਦੀਪ ਕੌਰ ਦੀ ਸਿਹਤ ਦਾ ਹਾਲ ਜਾਣਿਆ ਓਥੇ ਪਰਾਲੀ ਦੀ ਅੱਗ ਨੂੰ ਰੋਕਣ ਦੀ ਮੁਹਿੰਮ ਵਿੱਚ ਉਸ ਵੱਲੋਂ ਪਾਏ ਅਹਿਮ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਮਨਦੀਪ ਕੌਰ ਵਰਗੇ ਮਿਹਨਤੀ ਅਤੇ ਆਪਣੀ ਡਿਊਟੀ ਨੂੰ ਸਮਰਪਿਤ ਅਧਿਕਾਰੀਆਂ ਉੱਪਰ ਮਾਣ ਹੈ। ਉਨ੍ਹਾਂ ਕਿਹਾ ਕਿ ਅਮਨਦੀਪ ਕੌਰ ਵਰਗੇ ਅਧਿਕਾਰੀ ਦੂਸਰਿਆਂ ਲਈ ਪ੍ਰੇਰਨਾ ਸਰੋਤ ਹਨ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਤੋਂ ਇਸੇ ਤਰ੍ਹਾਂ ਸਮਰਪਿਤ ਭਾਵਨਾ ਨਾਲ ਸੇਵਾਵਾਂ ਦੀ ਆਸ ਹੈ।

ਇਸ ਮੌਕੇ ਉਨ੍ਹਾਂ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿੱਲੋਂ ਅਤੇ ਇੰਜੀਨੀਅਰ ਦੀਪਕ ਭਾਰਦਵਾਜ ਵੀ ਮੌਜੂਦ ਸਨ। ਖੇਤੀਬਾੜੀ ਅਧਿਕਾਰੀ ਡਾ. ਕ੍ਰਿਪਾਲ ਸਿੰਘ ਢਿਲੋਂ ਨੇ ਵੀ ਅਮਨਦੀਪ ਕੌਰ ਵੱਲੋਂ ਨਿਭਾਈਆਂ ਬੇਹਤਰ ਸੇਵਾਵਾਂ ਦੀ ਸ਼ਲਾਘਾ ਕੀਤੀ।

Exit mobile version