ਲੰਮੇ ਸੰਘਰਸ਼ ਤੋਂ ਬਾਅਦ ਨੌਕਰੀ ਤੋਂ ਕੱਢੀ ਕੰਡੀਲਾ ਸਕੂਲ ਦੀ ਮਿਡ ਡੇ ਮੀਲ ਕੁੱਕ ਵਰਕਰ ਨੂੰ ਮਿਲਿਆ ਇਨਸਾਫ਼

ਵਿਭਾਗ ਵਲੋਂ ਸਰਕਾਰੀ ਸਕੂਲ ਭਗਤੂ ਪੁਰਾ ਦੇ ਵਿਚ ਨੌਕਰੀ ਤੇ ਹਾਜ਼ਰ ਹੋਣ ਦੇ ਹੁਕਮ ਜਾਰੀ

ਗੁਰਦਾਸਪੁਰ 20 ਨਵੰਬਰ 2023 (ਦੀ ਪੰਜਾਬ ਵਾਇਰ)। ਆਖਿਰ ਲੰਮੇ ਸੰਘਰਸ਼ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਕੰਡੀਲਾ ਦੀ ਨੌਕਰੀ ਤੋਂ ਕੱਢੀ ਕੁੱਕ ਵਰਕਰ ਸ਼ਰਨਜੀਤ ਕੌਰ ਨੂੰ ਮਿਡ ਡੇ ਮੀਲ ਸੁਸਾਇਟੀ ਪੰਜਾਬ ਵਲੋਂ ਸਰਕਾਰੀ ਮਿਡਲ ਸਕੂਲ ਭਗਤਪੁਰਾ ਵਿਖੇ ਨੌਕਰੀ ਤੇ ਹਾਜ਼ਰ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਜਾਣਕਾਰੀ ਦਿੰਦਿਆਂ ਮਿਡ ਡੇ ਮੀਲ ਕੁੱਕ ਵਰਕਰ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਕੌਰ ਕੁਹਾਲੀ ਨੂੰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਕੰਡੀਲਾ ਬਲਾਕ ਕਾਦੀਆਂ ਵਿਖੇ ਪਿਛਲੇ ਪੰਦਰਾਂ ਸਾਲਾਂ ਤੋਂ ਕੰਮ ਕਰਦੀ ਕੁੱਕ ਵਰਕਰ ਸ਼ਰਨਜੀਤ ਕੌਰ ਨੂੰ ਸਕੂਲ ਮੁਖੀ ਵੱਲੋਂ ਜੁਲਾਈ 2022 ਤੋਂ ਵਿਭਾਗੀ ਹਿਦਾਇਤਾਂ ਨੂੰ ਅਣਗੌਲਿਆਂ ਕਰ ਕੇ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਉਸ ਦੀ ਜਗ੍ਹਾ ਤੇ ਸਿਖਿਆ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਹੋਰ ਕੁੱਕ ਵਰਕਰ ਨੂੰ ਨੌਕਰੀ ਤੇ ਰੱਖ ਲਿਆ ਹੈ। ਸ਼ਰਨਜੀਤ ਕੌਰ ਵੱਲੋਂ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੇ ਵਿਭਾਗੀ ਜਾਂਚ ਪੜਤਾਲ ਉਪਰੰਤ ਬਲਾਕ ਪ੍ਰਾਇਮਰੀ ਅਫਸਰ ਕਾਦੀਆਂ ਵਲੋਂ ਤਿੰਨ ਫਰਵਰੀ 2023 ਨੂੰ ਸ਼ਰਨਜੀਤ ਕੌਰ ਨੂੰ ਨੌਕਰੀ ਤੇ ਹਾਜ਼ਰ ਕਰਵਾਉਣ ਅਤੇ ਵਿਭਾਗੀ ਮਨਜੂਰੀ ਤੋਂ ਬਿਨਾ ਨੌਕਰੀ ਤੇ ਰੱਖੀ ਵਰਕਰ ਨੂੰ ਨੌਕਰੀ ਤੋਂ ਫਾਰਗ ਕਰਨ ਦਾ ਪੱਤਰ ਜਾਰੀ ਕੀਤਾ। ਪਰ ਸਕੂਲ ਮੁਖੀ ਵੱਲੋਂ ਇਹਨਾਂ ਹੁਕਮਾਂ ਨੂੰ ਛਿੱਕੇ ਟੰਗ ਕੇ ਨਜਾਇਜ਼ ਢੰਗ ਨਾਲ ਨੌਕਰੀ ਤੇ ਰੱਖੀ ਵਰਕਰ ਦੀਆਂ ਸੇਵਾਵਾਂ ਜਾਰੀ ਰੱਖੀਆਂ ਹੋਈਆਂ ਹਨ। ਆਖਿਰ ਮਿਡ ਡੇ ਮੀਲ ਸੁਸਾਇਟੀ ਪੰਜਾਬ ਵਲੋਂ 19-9-2023 ਨੂੰ ਸ਼ਰਨਜੀਤ ਕੌਰ ਨੂੰ ਨੌਕਰੀ ਤੇ ਬਹਾਲ ਕਰਨ ਦਾ ਪੱਤਰ ਜਾਰੀ ਕਰ ਕੇ ਇਨਸਾਫ਼ ਦੇਣ ਦਾ ਫੈਸਲਾ ਕੀਤਾ।

ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵੱਲੋਂ ਉਪਰਲੇ ਅਧਿਕਾਰੀਆਂ ਦੇ ਹੁਕਮਾਂ ਦੀ ਵਾਰ ਵਾਰ ਉਲੰਘਣਾ ਕੀਤੀ ਗਈ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਹਰਜਿੰਦਰ ਸਿੰਘ ਵਡਾਲਾ ਬਾਂਗਰ ਜ਼ਿਲ੍ਹਾ ਪ੍ਰਧਾਨ ਅਤੇ ਬਲਵਿੰਦਰ ਕੌਰ ਰਾਵਲਪਿੰਡੀ ਜਨਰਲ ਸਕੱਤਰ ਦੀ ਅਗਵਾਈ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਕਾਦੀਆਂ ਦਾ ਘਿਰਾਓ ਕੀਤਾ ਗਿਆ ਜਿਸ ਦੇ ਸਿੱਟੇ ਵਜੋਂ ਵਿਭਾਗ ਨੂੰ ਸਰਕਾਰੀ ਮਿਡਲ ਸਕੂਲ ਭਗਤੂ ਪੁਰਾ ਦੇ ਹੁਕਮ ਜਾਰੀ ਕਰਨੇ ਪਏ। ਜਥੇਬੰਦੀ ਵੱਲੋਂ ਸਕੂਲ ਮੁਖੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦਿਆਂ ਸ਼ਰਨਜੀਤ ਕੌਰ ਨੂੰ ਪਿਛਲੀ ਤਨਖਾਹ ਜਾਰੀ ਕਰਨ ਦੀ ਮੰਗ ਕੀਤੀ ਹੈ।

Exit mobile version