ਸਟੱਬਲ ਬਰਨਿੰਗ ਰੋਕਣ ਲਈ ਖੇਤੀਬਾੜੀ ਵਿਭਾਗ ਅਤੇ ਹੈਲਥ ਡਿਪਾਰਟਮੈਂਟ ਨੇ ਮਾਰਿਆ ਸਾਂਝਾ ਹੰਭਲਾ

ਕੈਂਪ ਲਗਾ ਕੇ ਆਸ਼ਾ ਵਰਕਰਾਂ, ਕਿਸਾਨ ਬੀਬੀਆਂ ਤੇ ਹੋਰਨਾਂ ਨੂੰ ਕੀਤਾ ਜਾਗਰੂਕ

ਗੁਰਦਾਸਪੁਰ, 20 ਸਤੰਬਰ 2023 (ਦੀ ਪੰਜਾਬ ਵਾਇਰ)।ਕਿਸਾਨਾਂ ਨੂੰ ਖੇਤਾਂ ਵਿਚ ਅੱਗ ਲਗਾਉਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਸ਼ੁਰੂ ਕੀਤੀ ਮੁਹਿੰਮ ਦੇ ਚਲਦਿਆਂ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਮੁੱਖ ਖੇਤੀਬਾੜੀ ਅਫਸਰ ਡਾ. ਕ੍ਰਿਪਾਲ ਸਿੰਘ ਢਿਲੋਂ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਨਾਲ ਮਿਲ ਕੇ ਸਾਂਝਾ ਉਪਰਾਲਾ ਕੀਤਾ ਹੈ।

ਇਸ ਤਹਿਤ ਸਰਕਲ ਪੁਰਾਣਾ ਸ਼ਾਲਾ ਅਧੀਨ ਪਿੰਡ ਗਾਜੀਕੋਟ ਵਿਖੇ ਸਰਕਲ ਇੰਚਾਰਜ ਹਰਮਨਪ੍ਰੀਤ ਸਿੰਘ ਅਤੇ ਸਿਹਤ ਵਿਭਾਗ ਦੀ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਦੀਪ ਕੌਰ ਦੇ ਪ੍ਰਬੰਧਾਂ ਹੇਠ ਹੈਲਥ ਵੈਲਨੈਸ ਸੈਂਟਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਖੇਤੀਬਾੜੀ ਵਿਕਾਸ ਅਫਸਰ ਡਾ. ਮਨਜੀਤ ਸਿੰਘ ਸਮੇਤ ਹੋਰ ਅਧਿਕਾਰੀ ਪਹੁੰਚੇ। ਬਲਾਕ ਖੇਤੀਬਾੜੀ ਅਫਸਰ ਡਾ. ਰਵਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਲੱਗੇ ਇਸ ਕੈਂਪ ਵਿਚ ਸ਼ਾਮਿਲ ਪਿੰਡ ਦੇ ਸਰਪੰਚ, ਕਿਸਾਨਾਂ, ਆਸ਼ਾ ਵਰਕਰਾਂ, ਕਿਸਾਨ ਬੀਬੀਆਂ ਨੂੰ ਸੰਬੋਧਨ ਕਰਦਿਆਂ ਹਰਮਨਪ੍ਰੀਤ ਸਿੰਘ ਏਈਓ ਅਤੇ ਏਡੀਓ ਡਾ. ਮਨਜੀਤ ਸਿੰਘ ਨੇ ਕਿਹਾ ਕਿ ਖੇਤਾਂ ਵਿਚ ਲਗਾਈ ਗਈ ਅੱਗ ਕਿਸੇ ਵੀ ਪੱਖ ਤੋਂ ਲਾਹੇਵੰਦ ਨਹੀਂ ਹੈ। ਉਨਾਂ ਅੱਗ ਲਗਾਏ ਬਗੈਰ ਰਹਿੰਦ ਖੂੰਹਦ ਦਾ ਨਿਪਟਾਰਾ ਕਰਨ ਦੇ ਢੰਗ ਦੱਸੇ ਅਤੇ ਨਾਲ ਹੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਬਸਿਡੀ ‘ਤੇ ਦਿੱਤੀ ਜਾ ਰਹੀ ਮਸ਼ੀਨਰੀ ਤੋਂ ਜਾਣੂ ਕਰਵਾਇਆ।

ਇਸ ਦੌਰਾਨ ਬੀਈਈ ਸੰਦੀਪ ਕੌਰ ਅਤੇ ਹੈਲਥ ਵਰਕਰ ਵਿਨੋਦ ਕੁਮਾਰ ਨੇ ਖੇਤਾਂ ਵਿਚ ਲਗਾਈ ਅੱਗ ਨਾਲ ਮਨੁੱਖੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅੱਗ ਅਤੇ ਧੂੰਏ ਨਾਲ ਅਨੇਕਾਂ ਜਾਨਲੇਵਾ ਬਿਮਾਰੀਆਂ ਅਤੇ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਦੇ ਨਾਲ ਜੀਵ ਜੰਤੂ ਅਤੇ ਪੌਦੇ ਵੀ ਅੱਗ ਦੀ ਲਪੇਟ ਵਿਚ ਆ ਜਾਂਦੇ ਹਨ। ਉਨਾਂ ਕਿਹਾ ਕਿ ਸਮੂਹ ਆਸ਼ਾ ਵਰਕਰਾਂ ਤੇ ਹੋਰ ਸਟਾਫ ਵੀ ਲੋਕਾਂ ਨੂੰ ਖੇਤਾਂ ਵਿਚ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਏਗਾ ਤਾਂ ਜੋ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਅਹਿਮ ਮੁਹਿੰਮ ਨੂੰ ਸਾਂਝੇ ਯਤਨ ਕਰਕੇ ਸਫਲ ਬਣਾਇਆ ਜਾ ਸਕੇ ਅਤੇ ਪ੍ਰਦੂਸ਼ਣ ਘੱਟ ਕੀਤਾ ਜਾ ਸਕੇ।

ਇਸ ਮੌਕੇ ਸਰਪੰਚ ਰਮਨ ਕੁਮਾਰ ਨੇ ਭਰੋਸਾ ਦਿੱਤਾ ਕਿ ਉਹ ਵੀ ਆਪਣੇ ਪੱਧਰ ‘ਤੇ ਲੋਕਾਂ ਨੂੰ ਜਾਗਰੂਕ ਕਰਨਗੇ ਤਾਂ ਜੋ ਇਸ ਇਲਾਕੇ ਦੇ ਲੋਕ ਪ੍ਰਦੂਸ਼ਣ ਤੋਂ ਬਚ ਸਕਣ। ਇਸ ਮੌਕੇ ਬੇਲਦਾਰ ਮੁਨੀਸ਼ ਕੁਮਾਰ, ਐਲਐਚਵੀ ਕੌਸ਼ੱਲਿਆ ਦੇਵੀ, ਜਸਵਿੰਦਰ ਕੌਰ ਸੀਐਚਓ, ਏਐਨਐਮ ਗੀਤਾ, ਹੈਲਥ ਵਰਕਰ ਵਿਨੋਦ ਕੁਮਾਰ, ਰਮਨ ਫਾਰਮਾਸਿਸਟ ਆਦਿ ਮੌਜੂਦ ਸਨ।

Exit mobile version