ਕੇਜਰੀਵਾਲ ਵੱਲੋਂ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਪ੍ਰਫੁੱਲਤ ਕਰਨ ਲਈ ਲੀਹੋਂ ਹਟਵੇ ਉਪਰਾਲੇ ਕਰਨ ’ਤੇ ਪੰਜਾਬ ਦੇ ਮੁੱਖ ਮੰਤਰੀ ਦੀ ਸ਼ਲਾਘਾ

ਭਗਵੰਤ ਸਿੰਘ ਮਾਨ ਨੂੰ ਹੁਣ ਤੱਕ ਦਾ ਸਭ ਤੋਂ ਕਾਬਲ ਤੇ ਬਿਹਤਰ ਮੁੱਖ ਮੰਤਰੀ ਦੱਸਿਆ

ਪੰਜਾਬ ਸਰਕਾਰ ਸੂਬੇ ਵਿੱਚ ਸਨਅਤੀ ਵਿਕਾਸ ਲਈ ਵਚਨਬੱਧ

ਅੰਮ੍ਰਿਤਸਰ, 14 ਸਤੰਬਰ 2023 (ਦੀ ਪੰਜਾਬ ਵਾਇਰ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸੂਬੇ ਵਿੱਚ ਉਦਯੋਗਿਕ ਵਿਕਾਸ ਲਈ ਕੀਤੇ ਜਾ ਰਹੇ ਵੱਡੇ ਉਪਰਾਲਿਆਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕੀਤੀ।

ਅੱਜ ਇੱਥੇ ‘ਸਰਕਾਰ-ਸਨਅਤਕਾਰ ਮਿਲਣੀ’ ਦੌਰਾਨ ਆਪਣੇ ਸੰਬੋਧਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹੁਣ ਹਰੇਕ ਖੇਤਰ ਵਿਚ ਨਵੇਂ ਕੀਰਤੀਮਾਨ ਸਥਾਪਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭਗਵੰਤ ਸਿੰਘ ਮਾਨ ਦੇ ਰੂਪ ਵਿੱਚ ਸੂਬੇ ਦਾ ਸਭ ਤੋਂ ਬਿਹਤਰ ਤੇ ਕਾਬਲ ਮੁੱਖ ਮੰਤਰੀ ਮਿਲਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਹਰੇਕ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਜਿਸ ਦਾ ਕੋਈ ਸਾਨੀ ਨਹੀਂ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, “ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਲੰਘੇ ਦਿਨ ਅਸੀਂ ਸੂਬੇ ਦੇ ਪਹਿਲੇ ਸਰਕਾਰੀ ਹਾਈ-ਟੈੱਕ ‘ਸਕੂਲ ਆਫ ਐਮੀਨੈਂਸ’ ਦੀ ਸ਼ੁਰੂਆਤ ਕਰਕੇ ਇਤਿਹਾਸ ਸਿਰਜਿਆ ਹੈ। ਅਸੀਂ ਸਾਰੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਨਾਲ ਅਤਿ-ਆਧੁਨਿਕ ਸਕੂਲਾਂ ਵਿਚ ਤਬਦੀਲ ਕਰਾਂਗੇ।” ਉਨ੍ਹਾਂ ਕਿਹਾ ਕਿ ਸਨਅਤਕਾਰਾਂ ਨਾਲ ਅਜਿਹੀਆਂ ਮਿਲਣੀਆਂ ਰਾਹੀਂ ਅਸੀਂ ਉਦਯੋਗ ਦੇ ਸਾਰੇ ਮਸਲੇ ਹੱਲ ਕਰਾਂਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੀਤੇ ਸਮੇਂ 882 ਸਟੀਲ ਫਾਊਂਡਰੀ ਯੂਨਿਟ ਹੁੰਦੇ ਸਨ ਪਰ ਹੁਣ ਪਿਛਲੀਆਂ ਸੂਬਾ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਸਿਰਫ 126 ਯੂਨਿਟ ਕੰਮ ਕਰ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਪੰਜਾਬ ਸਰਕਾਰ ਆਪਣੀਆਂ ਉਦਯੋਗ ਪੱਖੀ ਨੀਤੀਆਂ ਨਾਲ ਇਨ੍ਹਾਂ ਦੀ ਗਿਣਤੀ 2000 ਯੂਨਿਟਾਂ ਤੱਕ ਲੈ ਜਾਵੇਗੀ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਯਾਦ ਹੈ ਕਿ ਆਮ ਆਦਮੀ ਪਾਰਟੀ ਨੇ ਏਸੇ ਜਗ੍ਹਾ ਉਤੇ ਚੋਣਾਂ ਤੋਂ ਪਹਿਲਾਂ ਉਦਯੋਗਪਤੀਆਂ ਨਾਲ ਬਹੁਤ ਸਾਰੀਆਂ ਗਾਰੰਟੀਆਂ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਸਨਅਤਕਾਰਾਂ ਨੂੰ ਦਿੱਤੀ ਹਰੇਕ ਗਾਰੰਟੀ ਪੂਰੀ ਕਰੇਗੀ। ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਉਦਯੋਗ ਨੂੰ ਦਰਪੇਸ਼ ਸਮੱਸਿਆਵਾਂ ਅਤੇ ਹੋਰ ਮਸਲਿਆਂ ਬਾਰੇ ਫੀਡਬੈਕ ਲੈਣ ਲਈ ਇਕ ਫੋਨ ਨੰਬਰ ਵੀ ਜਾਰੀ ਕੀਤਾ ਸੀ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਫੀਡਬੈਕ ਦੀ ਘੋਖ ਕਰਨ ਤੋਂ ਬਾਅਦ ਉਦਯੋਗਪਤੀਆਂ ਦੇ ਤਿੰਨ ਮੁੱਖ ਮਸਲੇ ਹਨ ਜਿਨ੍ਹਾਂ ਵਿੱਚ ਬਿਜਲੀ, ਸੜਕਾਂ ਦਾ ਬੁਨਿਆਦੀ ਢਾਂਚਾ ਅਤੇ ਕੰਮਕਾਜ ਨਾਲ ਸਬੰਧਤ ਹੋਰ ਸਮੱਸਿਆਵਾਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਸਨਅਤਕਾਰਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲੇ ਦੇ ਆਧਾਰ ਉਤੇ ਸੁਲਝਾਉਣ ਲਈ ਵਚਨਬੱਧ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਪਿਛਲੀਆਂ ਸਰਕਾਰਾਂ ਵਾਂਗ ਸਨਅਤਕਾਰਾਂ ਨਾਲ ਅਖੌਤੀ ਐਮ.ਓ.ਯੂ. ਨਹੀਂ ਕਰਦੇ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿੱਜੀ ਤੌਰ ਉਤੇ ਹਰੇਕ ਵੱਡੇ ਉਦਯੋਗਪਤੀਆਂ ਤੱਕ ਪਹੁੰਚ ਕੀਤੀ ਸੀ ਅਤੇ ਇਨ੍ਹਾਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਆਪ ਸਰਕਾਰ ਦੇ ਸੱਤਾਂ ਵਿੱਚ ਆਉਣ ਦੇ ਡੇਢ ਸਾਲ ਦੇ ਅੰਦਰ ਸੂਬੇ ਵਿੱਚ 50000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਨਿਵੇਸ਼ ਸੂਬੇ ਵਿਚ 2.86 ਨੌਕਰੀਆਂ ਪੈਦਾ ਕਰੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਉਦਯੋਗ ਲਈ ਸੁਖਾਵਾਂ ਮਾਹੌਲ ਸਿਰਜ ਰਹੀ ਹੈ ਅਤੇ ਇਸ ਦਿਸ਼ਾ ਵਿੱਚ ਹਰੇਕ ਕਦਮ ਚੁੱਕਿਆ ਜਾਵੇਗਾ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਹਰੇਕ ਤਿੰਨ ਮਹੀਨੇ ਬਾਅਦ ਸਨਅਤਕਾਰਾਂ ਨਾਲ ਅਜਿਹੀਆਂ ਮਿਲਣੀਆਂ ਕਰਵਾਉਣ ਲਈ ਆਖਿਆ। ਉਨ੍ਹਾਂ ਨੇ ਸੂਬੇ ਵਿੱਚ ਹਰੇ ਰੰਗ ਦਾ ਸਟੈਂਪ ਪੇਪਰ ਸ਼ੁਰੂ ਕਰਨ, ਸਿੰਗਲ ਵਿੰਡੋ ਸਿਸਟਮ, ਭ੍ਰਿਸ਼ਟਾਚਾਰ ਮੁਕਤ ਮਾਹੌਲ, ਸਾਫ-ਸੁਥਰਾ ਤੇ ਜਵਾਬਦੇਹ ਵਾਲਾ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵੱਲੋਂ 2.75 ਲੱਖ ਐਮ.ਐਸ.ਐਮ.ਈ. ਦੀ ਰਜਿਸਟ੍ਰੇਸ਼ਨ ਕੀਤੀ ਹੈ ਜੋ ਮੁਲਕ ਵਿੱਚ ਹੁਣ ਤੱਕ ਸਭ ਤੋਂ ਵੱਧ ਹੈ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, “ਭਗਵੰਤ ਸਿੰਘ ਮਾਨ ਮੇਰੇ ਛੋਟੇ ਭਰਾ ਹਨ ਅਤੇ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਲਈ ਮੈਨੂੰ ਉਨ੍ਹਾਂ ਉਤੇ ਬਹੁਤ ਮਾਣ ਹੈ।” ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੜ੍ਹਾਂ ਦੌਰਾਨ ਭਗਵੰਤ ਸਿੰਘ ਮਾਨ ਨੇ ਖੁਦ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਕਿਸ਼ਤੀ ਰਾਹੀਂ ਜ਼ਮੀਨੀ ਹਾਲਾਤ ਦਾ ਜਾਇਜ਼ਾ ਲਿਆ ਅਤੇ ਪੀੜਤ ਲੋਕਾਂ ਲਈ ਰਾਹਤ ਯਕੀਨੀ ਬਣਾਈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲੇ ਮੁੱਖ ਮੰਤਰੀ ਅਜਿਹੀ ਸਥਿਤੀ ਮੌਕੇ ਹੈਲੀਕਾਪਟਰਾਂ ਉਤੇ ਗੇੜੇ ਲਾ ਕੇ ਖਾਨਾਪੂਰਤੀ ਕਰਦੇ ਸਨ। ਦਿੱਲੀ ਦੇ ਮੁੱਖ ਮੰਤਰੀ ਨੇ ਉਦਯੋਗਪਤੀਆਂ ਨੂੰ ਮੁਖਾਤਬ ਹੁੰਦਿਆਂ ਕਿਹਾ, “ਤੁਹਾਡੇ ਬਿਨਾਂ ਪੰਜਾਬ ਤਰੱਕੀ ਨਹੀਂ ਕਰ ਸਕਦਾ ਅਤੇ ਤੁਹਾਡੇ ਸਾਥ ਨਾਲ ਸਰਕਾਰ ਸੂਬੇ ਨੂੰ ਨਵੀਂ ਬੁਲੰਦੀ ਉਤੇ ਪਹੁੰਚਾ ਦੇਵੇਗੀ।”

Exit mobile version