ਪੱਤਰਕਾਰਾਂ ਵਲੋਂ ਮੁਫਤ ਮੈਡੀਕਲ ਟੈਸਟ ਅਤੇ ਬੀਮਾ ਰਾਸ਼ੀ ਚਾਰ ਗੁਣਾ ਕਰਨ ਦੀ ਮੰਗ

ਚੇਅਰਮੈਨ ਰਮਨ ਬਹਿਲ ਰਾਹੀਂ ਲੋਕ ਸੰਪਰਕ ਮੰਤਰੀ ਨੂੰ ਭੇਜਿਆ ਮੰਗ ਪੱਤਰ

ਗੁਰਦਾਸਪੁਰ, 10 ਸਤੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਅੰਦਰ ਸਮੁੱਚੇ ਮਾਨਤਾ ਪ੍ਰਾਪਤ ਪੱਤਰਕਾਰਾਂ ਦੇ ਸਰਕਾਰੀ ਮੁਲਾਜਮਾਂ ਦੀ ਤਰਜ ‘ਤੇ ਮੁਫਤ ਮੈਡੀਕਲ ਟੈਸਟ ਕਰਵਾਉਣ ਅਤੇ ਪੱਤਰਕਾਰਾਂ ਦੇ ਬੀਮੇ ਦੀ ਰਾਸ਼ੀ 5 ਲੱਖ ਤੋਂ 20 ਲੱਖ ਰੁਪਏ ਕਰਨ ਦੀ ਮੰਗ ਨੂੰ ਲੈ ਕੇ ਅੱਜ ਪੱਤਰਕਾਰਾਂ ਦਾ ਵਫਦ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੂੰ ਮਿਲਿਆ।

ਇਸ ਵਫਦ ਵਿੱਚ ਸ਼ਾਮਲ ਪ੍ਰਿੰਟ, ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਨਾਲ ਸਬੰਧਿਤ ਸੀਨੀਅਰ ਪੱਤਰਕਾਰਾਂ ਨੇ ਲੋਕ ਸੰਪਰਕ ਮੰਤਰੀ ਦੇ ਨਾਮ ‘ਤੇ ਚੇਅਰਮੈਨ ਰਮਨ ਬਹਿਲ ਨੂੰ ਸੌਂਪੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਜਿਸ ਤਰ੍ਹਾਂ ਸਰਕਾਰ ਨੇ ਬੀਤੇ ਕੱਲ੍ਹ ਪੰਜਾਬ ਦੇ ਸਰਕਾਰੀ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਮੁਫਤ ਮੈਡੀਕਲ ਟੈਸਟ ਸਰਕਾਰੀ ਹਸਪਤਾਲਾਂ ਅੰਦਰ ਸਥਿਤ ਕ੍ਰਿਸ਼ਨਾ ਲੈਬਾਰਟੀ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਸੇ ਤਰ੍ਹਾਂ ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੁਫਤ ਮੈਡੀਕਲ ਟੈਸਟ ਕਰਨ ਦਾ ਫੈਸਲਾ ਵੀ ਕੀਤਾ ਜਾਵੇ। ਇਸ ਦੇ ਨਾਲ ਹੀ ਪੱਤਰਕਾਰਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਪੱਤਰਕਾਰ ਦੇ ਕੀਤੇ ਜਾ ਰਹੇ 5 ਲੱਖ ਰੁਪਏ ਦੇ ਬੀਮੇ ਦੀ ਰਾਸ਼ੀ 5 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕੀਤੀ ਜਾਵੇ ਅਤੇ ਨਾਲ ਹੀ ਗੁਰਦਾਸਪੁਰ ਵਿੱਚ ਪ੍ਰੈਸ ਕਲੱਬ ਬਣਾਇਆ ਜਾਵੇ ਤਾਂ ਜੋ ਸਮੁੱਚੇ ਪੱਤਰਕਾਰ ਭਾਈਚਾਰੇ ਅਤੇ ਪ੍ਰੈਸ ਕਾਨਫਰੰਸ ਕਰਨ ਵਾਲੇ ਲੋਕਾਂ ਨੂੰ ਸਹੂਲਤ ਮਿਲ ਸਕੇ।

ਇਸ ਮੌਕੇ ਰਮਨ ਬਹਿਲ ਨੇ ਤੁਰੰਤ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਭੇਜੇ ਅਤੇ ਪੱਤਰਕਾਰਾਂ ਦੀਆਂ ਉਕਤ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਸਿਫਾਰਸ਼ ਕੀਤੀ।

ਇਸ ਮੌਕੇ ਹਰਮਨਜੀਤ, ਬਿਸੰਬਰ ਬਿੱਟੂ, ਅਵਤਾਰ ਸਿੰਘ, ਰੋਹਿਤ ਗੁਪਤਾ, ਸਤਨਾਮ ਸਿੰਘ ਪ੍ਰੀਤ,ਗਗਨ ਬਾਵਾ,ਦੀਪਕ ਕਾਲੀਆ, ਵਿਨੇ ਠਾਕੁਰ,ਪ੍ਰਵੇਸ਼ ਕੁਮਾਰ, ਜਗਜੀਤ ਸਿੰਘ ਆਦਿ ਹਾਜ਼ਰ ਸਨ।

Exit mobile version