ਬੱਬੇਹਾਲੀ ਵਿੱਚ ਦੋ ਰੋਜ਼ਾ ਸੱਭਿਆਚਾਰਕ ਤੇ ਛਿੰਝ ਮੇਲਾ ਸ਼ੁਰੂ – ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਗੇ ਮੁੱਖ ਮਹਿਮਾਨ

ਖਿਡਾਰੀਆਂ ਨੂੰ ਇਨਾਮ ਵੰਡਣਗੇ।

ਗੁਰਦਾਸਪੁਰ, 31 ਅਗਸਤ 2023 (ਦੀ ਪੰਜਾਬ ਵਾਇਰ)। ਪਿੰਡ ਬੱਬੇਹਾਲੀ ਵਿੱਚ ਸਾਲਾਨਾ ਦੋ ਰੋਜ਼ਾ ਹੋਣ ਵਾਲਾ ਖੇਡ ਅਤੇ ਛਿੰਝ ਮੇਲਾ ਵੀਰਵਾਰ ਨੂੰ ਸ਼ੁਰੂ ਹੋ ਗਿਆ। ਇਸ ਦਾ ਉਦਘਾਟਨ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕੀਤਾ। ਜਦਕਿ ਸ਼ੁੱਕਰਵਾਰ ਨੂੰ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨਗੇ।

ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਇਹ ਛਿੰਝ ਮੇਲਾ ਪਿਛਲੇ ਕਈ ਦਹਾਕਿਆਂ ਤੋਂ ਪਿੰਡ ਬੱਬੇਹਾਲੀ ਵਿੱਚ ਬਾਬਾ ਲੱਖਦਾਤਾ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਪੂਰੇ ਪੰਜਾਬ ਤੋਂ ਇਲਾਵਾ ਹੁਣ ਦੇਸ਼-ਵਿਦੇਸ਼ ਵਿਚ ਵੀ ਇਸ ਦੀ ਪਛਾਣ ਬਣ ਚੁੱਕੀ ਹੈ। ਉਹਨਾਂ ਦੱਸਿਆ ਕਿ ਇਸ ਮੇਲੇ ਦੀ ਮਹੱਤਤਾ ਇਹ ਹੈ ਕਿ ਇਸ ਸੱਭਿਆਚਾਰਕ ਮੇਲੇ ਵਿੱਚ ਗੁਰਦਾਸ ਮਾਨ ਤੋਂ ਲੈ ਕੇ ਲਗਭਗ ਸਾਰੇ ਨਾਮਵਰ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਹੈ, ਜਦਕਿ ਖੇਡ ਮੇਲੇ ਵਿੱਚ ਪੰਜਾਬ ਦੇ ਸਾਰੇ ਵੱਡੇ ਤੋਂ ਵੱਡੇ ਪਹਿਲਵਾਨਾਂ ਨੇ ਹਿੱਸਾ ਲਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚੋਂ ਕਈ ਪਹਿਲਵਾਨ ਪੈਦਾ ਹੋਏ, ਜਿਨ੍ਹਾਂ ਨੇ ਬਾਅਦ ਵਿੱਚ ਵੱਡੇ ਪੱਧਰ ’ਤੇ ਨਾਮਣਾ ਖੱਟਿਆ। ਉਨ੍ਹਾਂ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਵੱਖ-ਵੱਖ ਕੁਸ਼ਤੀ ਅਤੇ ਕਬੱਡੀ ਦੇ ਮੈਚ ਕਰਵਾਏ ਗਏ ਹਨ, ਜਦਕਿ ਫਾਈਨਲ ਮੈਚ ਸ਼ੁੱਕਰਵਾਰ ਨੂੰ ਕਰਵਾਏ ਜਾਣਗੇ |

ਬੱਬੇਹਾਲੀ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਸੱਭਿਆਚਾਰਕ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਜੀ ਖਾਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਜਦਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਸ਼ਾਮ ਨੂੰ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿੱਚ ਜੇਤੂ ਖਿਡਾਰੀਆਂ ਨੂੰ ਬਾਦਲ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਰਟੀ ਮੁਖੀ ਬਾਦਲ ਵੀ ਸੰਗਤਾਂ ਨੂੰ ਸੰਬੋਧਨ ਕਰਨਗੇ।

ਪਹਿਲੇ ਦਿਨ ਦੀ ਖੇਡ ਦੌਰਾਨ ਸੌਰਭ ਓਦੋਕੇ ਨੇ ਆਪਣੇ ਦੰਦਾਂ ਰਾਹੀਂ ਗੱਡੀ ਨੂੰ ਖਿੱਚਿਆ। ਮਿੰਟੂ, ਪ੍ਰੇਮ ਅਤੇ ਸੁੱਚਾ ਇਕੱਠੇ ਡੇਢ ਫੁੱਟ ਲੋਹੇ ਦੀ ਕੜੀ ‘ਚੋਂ ਬਾਹਰ ਨਿਕਲੇ। ਉਥੇ ਹੀ ਹਰਮਨ ਨੇ ਇੱਕੋ ਸਮੇਂ 100 ਡੰਡ ਲਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਕੁਸ਼ਤੀ ਮੁਕਾਬਲਿਆਂ ਵਿੱਚ ਅਲੀ ਬਟਾਲਾ ਨੇ ਗੁਰਮੁਖ ਨੂੰ, ਕਾਕਾ ਮੁਕੇਰੀਆਂ ਨੇ ਸਿਕੰਦਰ ਨੂੰ ਅਤੇ ਸਾਹਿਲ ਗੁਰਦਾਸਪੁਰ ਨੇ ਸ਼ੇਰਾ ਨੂੰ ਹਰਾਇਆ। ਕਬੱਡੀ ਮੈਚ ਵਿੱਚ ਔਲਖ ਬੇਰੀਆਂ ਦੀ ਟੀਮ ਨੇ ਬਟਾਲਾ ਗ੍ਰੰਥੀਆਂ ਦੀ ਟੀਮ ਨੂੰ ਹਰਾਇਆ।

ਪ੍ਰੋਗਰਾਮ ਦੌਰਾਨ ਸਟੇਜ ਦਾ ਸੰਚਾਲਨ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਨੇ ਕੀਤਾ। ਇਸ ਮੌਕੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਜੇ.ਪੀ.ਭਗਤ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਕਿਰਪਾਲ ਸਿੰਘ ਗੁੰਝੀਆ, ਉੱਪ ਚੇਅਰਮੈਨ ਹਰਦੇਵ ਸਿੰਘ ਸਠਿਆਲੀ, ਸਰਕਲ ਪ੍ਰਧਾਨ ਮਨਜੀਤ ਸਿੰਘ ਕੋਟ ਮੋਹਨ ਲਾਲ, ਦਲਬੀਰ ਸਿੰਘ ਭਟੋਆ, ਵਿਜੇ ਮਹਾਜਨ ਦੀਨਾਨਗਰ, ਸਾਬਕਾ ਚੇਅਰਮੈਨ ਮਹਿੰਦਰ ਸਿੰਘ ਸਿੱਧਵਾਂ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸਤੀਸ਼ ਕੁਮਾਰ ਡਿੰਪਲ, ਸਾਬਕਾ ਕੌਂਸਲਰ ਰਘੁਬੀਰ ਸਿੰਘ, ਗੁਰਪ੍ਰਗਟ ਸਿੰਘ ਕਾਹਲੋਂ, ਹਰਬੰਸ ਲਾਲ ਅਤੇ ਦੇਵਰਾਜ ਹਾਜ਼ਰ ਸਨ।

Exit mobile version