ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਜਾਰੀ; ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਸਕੂਲੀ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ

ਨਸ਼ਿਆਂ ਵਿਰੁੱਧ ਪੰਜਾਬ ਪੁਲਿਸ ਦੀ ਲੜਾਈ ਵਿੱਚ ਹੋਰ ਪਿੰਡ ਹੋਏ ਸ਼ਾਮਲ; ਐਸਏਐਸ ਨਗਰ ਦੇ 14 ਪਿੰਡਾਂ ਨੇ ਮਤੇ ਕੀਤੇ ਪਾਸ

ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਸੂਬੇ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਵਚਨਬੱਧ

ਪੁਲਿਸ ਟੀਮਾਂ ਨੇ 2.5 ਲੱਖ ਰੁਪਏ ਦੀ ਡਰੱਗ ਮਨੀ, 40 ਗ੍ਰਾਮ ਹੈਰੋਇਨ, 12 ਕਿਲੋ ਗਾਂਜਾ ਵੀ ਕੀਤਾ ਬਰਾਮਦ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 31 ਜੁਲਾਈ 2023 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੇ ਚੱਲਦਿਆਂ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਅੱਜ ਸਕੂਲੀ ਬੱਚਿਆਂ ਨੂੰ ਨਸ਼ਿਆਂ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ।

ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੇ ਪੰਜਵੇਂ ਦਿਨ, ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ‘ਤੇ ਰੋਪੜ ਰੇਂਜ ਦੇ ਦੋ ਜ਼ਿਲ੍ਹਿਆਂ ਐਸਏਐਸ ਨਗਰ ਅਤੇ ਫ਼ਤਿਹਗੜ੍ਹ ਸਾਹਿਬ ਵਿੱਚ ਇਹ ਮੁਹਿੰਮ ਚਲਾਈ ਗਈ। ਇਹ ਮੁਹਿੰਮ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਦੀ ਸਮੁੱਚੀ ਨਿਗਰਾਨੀ ਹੇਠ ਚਲਾਈ ਗਈ ਅਤੇ ਐਸਐਸਪੀ ਸੰਦੀਪ ਗਰਗ (ਐਸ.ਏ.ਐਸ. ਨਗਰ) ਅਤੇ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ (ਫ਼ਤਿਹਗੜ੍ਹ ਸਾਹਿਬ) ਨੂੰ ਭਾਰੀ ਪੁਲਿਸ ਫੋਰਸ ਤਾਇਨਾਤ ਕਰਕੇ ਸੁਚੱਜੇ ਢੰਗ ਨਾਲ ਯੋਜਨਾ ਬਣਾਉਣ ਲਈ ਕਿਹਾ ਗਿਆ ਸੀ।

ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਫ਼ਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਇਸ ਵਿਲੱਖਣ ਮੁਹਿੰਮ ਨੂੰ ਸ਼ੁਰੂ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੁਹਿੰਮ ਸਕੂਲੀ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਵਿੱਚ ਸਹਾਈ ਹੋਵੇਗੀ ਜਿਸ ਨਾਲ ਉਹਨਾਂ ਨੂੰ ਨਸ਼ਿਆਂ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇਗਾ। ਸਕੂਲੀ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਲੜਾਈ ਲਈ ਜਾਗਰੂਕ ਕਰਨ ਦਾ ਵਿਚਾਰ ਐਸਐਸਪੀ ਫਤਹਿਗੜ੍ਹ ਸਾਹਿਬ ਡਾ. ਰਵਜੋਤ ਕੌਰ ਗਰੇਵਾਲ ਦਾ ਸੀ।

ਉਨ੍ਹਾਂ ਕਿਹਾ ਕਿ ਪੁਲਿਸ ਨੂੰ ਲਗਾਤਾਰ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਐਸ.ਏ.ਐਸ.ਨਗਰ ਜ਼ਿਲ੍ਹੇ ਦੇ 14 ਪਿੰਡਾਂ ਨੇ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ ਅਤੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਲਈ ਮਤੇ ਪਾਸ ਕੀਤੇ ਹਨ। ਇਸ ਤੋਂ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਘੱਟੋ-ਘੱਟ 67 ਪਿੰਡਾਂ ਅਤੇ 20 ਵਾਰਡਾਂ ਨੇ ਵੀ ਅਜਿਹੇ ਮਤੇ ਪਾਸ ਕੀਤੇ ਸਨ, ਜਦਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਸ਼ਿਆ ਲਈ ਬਦਨਾਮ ਦੋ ਇਲਾਕਿਆਂ ਪਿੰਡ ਮਿੱਡਾ ਅਤੇ ਮਲੋਟ ਦੇ ਮੁਹੱਲਾ ਛੱਜੂਘਰ ਦੇ ਵਾਸੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਅਹਿਦ ਲਿਆ ਸੀ।

ਅੱਜ ਦੀ ਕਾਰਵਾਈ ਦੇ ਨਤੀਜਿਆਂ ਬਾਰੇ ਦੱਸਦਿਆਂ ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਪੁਲਿਸ ਟੀਮਾਂ ਨੇ 13 ਐਫਆਈਆਰਜ਼ ਦਰਜ ਕਰਕੇ 12 ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 2.5 ਲੱਖ ਰੁਪਏ ਦੀ ਡਰੱਗ ਮਨੀ, 40 ਗ੍ਰਾਮ ਹੈਰੋਇਨ, 12 ਕਿਲੋ ਗਾਂਜਾ, 2 ਕਿਲੋ ਸੁਲਫਾ ਅਤੇ 1 ਕਿਲੋ ਭੁੱਕੀ ਵੀ ਬਰਾਮਦ ਕੀਤੀ ਹੈ। ਇਹ ਮੁਹਿੰਮ ਸਪੈਸ਼ਲ ਟਾਸਕ ਫੋਰਸ ਦੇ ਸਹਿਯੋਗ ਨਾਲ ਚਲਾਈ ਗਈ।
ਇਸ ਦੌਰਾਨ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ਦੇ ਨਾਲ ਫਤਹਿਗੜ੍ਹ ਸਾਹਿਬ ਦੇ ਸਰਕਾਰੀ ਮਿਡਲ ਸਕੂਲ ਮਹੱਦੀਆਂ ਤੋਂ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਮੁਹਿੰਮ ਦੀ ਸ਼ੁਰੂਆਤ ਕੀਤੀ।

ਡਾ. ਰਵਜੋਤ ਨੇ ਕਿਹਾ ਕਿ ਜਦੋਂ ਸਕੂਲੀ ਬੱਚਿਆਂ ਨੂੰ ਸੁਚੱਜੇ ਢੰਗ ਨਾਲ ਜਾਗਰੂਕ ਕੀਤਾ ਜਾਂਦਾ ਹੈ ਤਾਂ ਉਹ ਨਸ਼ਿਆਂ ਵਿਰੁੱਧ ਲੜਾਈ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਬੱਚੇ ਨਾ ਸਿਰਫ ਖਤਰਨਾਕ ਨਸ਼ੀਲੇ ਪਦਾਰਥ ਦੀ ਵਰਤੋਂ ਨੂੰ ਨਾਂਹ ਕਹਿਣਾ ਸਿੱਖਦੇ ਹਨ, ਸਗੋਂ ਜੇਕਰ ਉਹਨਾਂ ਨੂੰ ਆਪਣੇ ਆਲੇ ਦੁਆਲੇ ਅਜਿਹੀ ਕਿਸੀ ਘਟਨਾ ਬਾਰੇ ਪਤਾ ਲਗਦਾ ਹੈ ਤਾਂ ਉਹਨਾਂ ਨੂੰ ਆਪਣੇ ਅਧਿਆਪਕਾਂ ਅਤੇ ਕਾਉਂਸਲਿੰਗ ਗਰੁੱਪਾਂ ਨਾਲ ਇਸ ਬਾਰੇ ਜਾਣਕਾਰੀ ਦੇਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ।

Exit mobile version