ਇਨਸਾਨਾਂ ਦੇ ਨਾਲ ਨਾਲ ਜੀਵ ਜੰਤੁਆ ਦਾ ਵੀ ਖਿਆਲ ਰੱਖ ਰਹੀ ਡੀਸੀ ਪਟਿਆਲਾ- ਸੱਪਾਂ ਨਾਲ ਨਜਿੱਠਣ ਲਈ ਹੈਲਪ ਲਾਈਨ ਨੰਬਰ 6239632256 ਜਾਰੀ

-ਸੱਪ ਵੀ ਸੰਕਟ ‘ਚ, ਮਾਰਨ ਦੀ ਬਜਾਇ ਰੈਸਕਿਊ ਕਰਵਾਓਃ ਡੀਸੀ ਸਾਕਸ਼ੀ ਸਾਹਣੀ

  ਪਾਣੀ ਵਿਚ ਘਿਰੇ ਘਰਾਂ ”ਚ ਬੈਠੇ ਲੋਕਾਂ ਨੂੰ ਖ਼ੁਦ ਫੋਨ ਕਰਕੇ ਆਰਮੀ ਦੇ ਨਾਲ ਕਿਸ਼ਤੀ ਰਾਹੀਂ ਬਾਹਰ ਆਉਣ ਲਈ ਵੀ ਮਨਾਇਆ

ਪਟਿਆਲਾ, 13 ਜੁਲਾਈ 2023 (ਦੀ ਪੰਜਾਬ ਵਾਇਰ)। ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਘਰਾਂ ਵਿੱਚ ਸੱਪ ਨਿਕਲਣ ਦੀ ਘਟਨਾਵਾਂ ਲਗਾਤਾਰ ਸਾਹਮਣੇ ਹੋ ਰਹੀਆਂ ਹਨ। ਇਸ ਸਥਿਤੀ ਨਾਲ ਨਿਪਟਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਹੁਕਮ ਅਨੁਸਾਰ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਪਟਿਆਲਾ ਵੱਲੋੰ ਰੈਪਿਡ ਰਿਸਪਾਂਸ ਟੀਮ ਗਠਿਤ ਕਰਦੇ ਹੋਏ ਹੈਲਪ ਲਾਈਨ ਨੰਬਰ 6239632256 ਜਾਰੀ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਹੜ੍ਹ ਦੀ ਸਥਿਤੀ ਕਾਰਨ ਇਨਸਾਨਾਂ ਦੇ ਨਾਲ-ਨਾਲ ਸਾਰੇ ਜੀਵ ਸੰਕਟ ਵਿੱਚ ਹਨ। ਕੁਦਰਤੀ ਇਨਸਾਫ ਦੀ ਕਸੌਟੀ ਦੇ ਹਿਸਾਬ ਨਾਲ ਸਾਰੇ ਜੀਵ-ਜੰਤੂ ਮਦਦ ਦੇ ਹੱਕਦਾਰ ਹਨ। ਲਗਾਤਾਰ ਪਾਣੀ ਵਿੱਚ ਰਹਿਣ ਕਾਰਨ ਸੱਪ ਵੀ ਸੰਕਟ ‘ਚ ਹਨ ਅਤੇ ਆਪਣੇ ਲਈ ਸੁਰੱਖਿਅਤ ਥਾਵਾਂ ਦੀ ਭਾਲ ਕਰ ਰਹੇ ਹਨ। ਅਜਿਹੇ ਵਿੱਚ ਉਹ ਰਿਹਾਇਸ਼ੀ ਘਰਾਂ ਵਿੱਚ ਵੜ ਰਹੇ ਹਨ।

ਉਨ੍ਹਾਂ ਅਪੀਲ ਕੀਤੀ ਕਿ ਲੋਕ ਘਰਾਂ ਵਿੱਚ ਸੱਪ ਨਿਕਲਣ ਤੇ ਘਬਰਾਕੇ ਆਪਣਾ ਜਾਂ ਸੱਪ ਦਾ ਨੁਕਸਾਨ ਕਰਨ ਦੀ ਬਜਾਇ ਸਨੇਕ ਹੈਲਪ ਲਾਈਨ ‘ਤੇ ਫੋਨ ਕਰਕੇ ਸੱਪ ਨੂੰ ਰੈਸਕਿਊ ਕਰਵਾਉਣ। ਉਨ੍ਹਾਂ ਦੱਸਿਆ ਕਿ ਹੈਲਪ ਲਾਈਨ ‘ਤੇ ਫੋਨ ਕਰਨ ‘ਤੇ ਜੰਗਲੀ ਜੀਵ ਮਹਿਕਮੇ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚਕੇ ਸੱਪ ਨੂੰ ਫੜਕੇ ਲੈ ਜਾਵੇਗੀ ਅਤੇ ਸੁਰੱਖਿਅਤ ਥਾਂ ‘ਤੇ ਛੱਡੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪਟਿਆਲਾ ਰੀਜਨ ਵਿੱਚ ਬਹੁਤ ਹੀ ਘੱਟ ਗਿਣਤੀ ਸੱਪ ਜ਼ਹਿਰੀਲੇ ਹਨ। ਇਸ ਲਈ ਸਨੇਕ ਬਾਈਟ ਹੋਣ ਉਤੇ ਘਬਰਾਉਣ ਦੀ ਥਾਂ  ਤੁਰੰਤ ਰਜਿੰਦਰਾ ਹਸਪਤਾਲ ਜਾਂ ਨੇੜਲੇ ਸਿਹਤ ਕੇਂਦਰ ਪਹੁੰਚਕੇ ਇਲਾਜ ਕਰਵਾਉਣ। 

ਇੱਥੇ ਇਹ ਵੀ ਦੱਸਣਯੋਗ ਹੈ ਕਿ ਵੀਰਵਾਰ ਨੂੰ ਹੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਘੱਗਰ ਦਰਿਆ ਕੰਢੇ ਪਿੰਡ ਬਾਦਸ਼ਾਹਪੁਰ ਨੇੜੇ ਡੇਰਿਆਂ ਵਿੱਚ ਬੈਠੇ ਵੱਡੀ ਗਿਣਤੀ ਲੋਕਾਂ ਨੂੰ ਖ਼ੁਦ ਫੋਨ ਕਰਕੇ ਡੇਰੇ ਵਿੱਚੋਂ ਆਰਮੀ ਦੇ ਨਾਲ ਬੋਟ ਰਾਹੀਂ ਬਾਹਰ ਆਉਣ ਲਈ ਮਨਾਇਆ। ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਬਾਦਸ਼ਾਹਪੁਰ, ਸਮੇਤ ਕੁਝ ਹੋਰ ਇਲਾਕਿਆਂ ਵਿੱਚ ਪਾਣੀ ਨਾਲ ਘਿਰੇ ਆਪਣੇ ਡੇਰਿਆਂ ਵਿੱਚ ਬੈਠੇ ਹਨ ਅਤੇ ਇੱਥੋਂ ਬਾਹਰ ਆਉਣ ਲਈ ਰਾਜੀ ਨਹੀਂ ਹੋ ਰਹੇ, ਇਸ ਲਈ ਇਨ੍ਹਾਂ ਦੀ ਜਾਨ ਉਪਰ ਖ਼ਤਰਾ ਮੰਡਰਾਅ ਰਿਹਾ ਹੈ।

ਸਾਕਸ਼ੀ ਸਾਹਨੀ ਨੇ ਖ਼ੁਦ ਇਨ੍ਹਾਂ ਵਿਅਕਤੀਆਂ ਨੂੰ ਫੋਨ ਕੀਤੇ ਅਤੇ ਅਤੇ ਕਿਹਾ ਕਿ ਉਨ੍ਹਾਂ ਦੀ ਜਾਨ ਸਾਰੀਆਂ ਚੀਜਾਂ ਅਤੇ ਘਰਾਂ ਨਾਲੋਂ ਜਰੂਰੀ ਹੈ, ਇਸ ਲਈ ਉਹ ਤੁਰੰਤ ਆਪਣੇ ਘਰ-ਬਾਰ ਛੱਡਕੇ ਫ਼ੌਜ ਜਾਂ ਐਨਡੀਆਰਐਫ਼ ਦੀਆਂ ਬਚਾਅ ਕਾਰਜਾਂ ਵਿੱਚ ਲੱਗੀਆਂ ਟੀਮਾਂ ਦੇ ਨਾਲ ਬਾਹਰ ਆ ਜਾਣ। ਇਸ ਕਦਰ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਕੇ ਇਹ ਲੋਕ ਨਿਕਲਕੇ ਆਉਣ ਲਈ ਰਾਜੀ ਹੋਏ, ਤਾਂ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਨੂੰ ਕਿਹਾ ਕਿ ਜੇਕਰ ਫ਼ੌਜ ਦੇ ਆਉਣ ਵਿੱਚ ਕੁਝ ਦੇਰੀ ਜਾ ਹਨੇਰਾ ਹੁੰਦਾ ਹੈ ਤਾਂ ਆਪਣੇ ਘਰਾਂ ਦੀਆਂ ਛੱਤਾਂ ਉਪਰ ਚਲੇ ਜਾਣ ਅਤੇ ਆਪ ਨੂੰ ਕਿਸੇ ਰੱਸੇ ਆਦਿ ਨਾਲ ਬੰਨ੍ਹ ਕੇ ਸੁਰੱਖਿਅਤ ਕਰ ਲਿਆ ਜਾਵੇ, ਕਿਉਂਕਿ ਪਾਣੀ ਦਾ ਵਹਾਅ ਬਹੁਤ ਤੇਜ ਹੈ। 

Exit mobile version