ਕਿਸਾਨ ਗੁਰਪਾਲ ਸਿੰਘ ਨੇ ਆਰਗੈਨਿਕ ਖੇਤੀ ਦੇ ਖੇਤਰ ਵਿੱਚ ਮਿਸਾਲ ਪੈਦਾ ਕੀਤੀ

ਜ਼ਹਿਰ ਮੁਕਤ ਖੇਤੀ ਦੀ ਪੈਦਾਵਾਰ ਤੋਂ ਕਮਾ ਰਹੇ ਹਨ ਚੋਖੀ ਆਮਦਨ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਆਰਗੈਨਿਕ ਖੇਤੀ ਲਈ ਗੁਰਪਾਲ ਸਿੰਘ ਨੂੰ ਕੀਤਾ ਹੈ ਸਨਮਾਨਿਤ

ਗੁਰਦਾਸਪੁਰ, 25 ਜੂਨ 2023 (ਦੀ ਪੰਜਾਬ ਵਾਇਰ ) । ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੰਧੇਰ ਗੁਰਪਾਲ ਸਿੰਘ ਜੋ ਕਿ ਸਰਕਾਰੀ ਸਕੂਲ ਵਿਚ ਅਧਿਆਪਨ ਨੇ ਕਿੱਤੇ ਦੇ ਨਾਲ-ਨਾਲ ਪਿਛਲੇ 9 ਸਾਲਾਂ ਤੋਂ ਆਰਗੈਨਿਕ ਖੇਤੀ ਦੇ ਖੇਤਰ ਵਿੱਚ ਆਪਣਾ ਅਹਿਮ ਸਥਾਨ ਬਣਾ ਚੁੱਕੇ ਹਨ। ਐੱਮ.ਏ, ਬੀ.ਐੱਡ ਦੀ ਉੱਚ ਤਾਲੀਮ-ਜ਼ਾਫ਼ਤਾ ਕਿਸਾਨ ਗੁਰਪਾਲ ਸਿੰਘ ਨੇ ਸਾਲ 2014 ਵਿੱਚ ਕੇਵਲ 4 ਕਨਾਲ ਦੇ ਰਕਬੇ ਵਿੱਚ ਆਰਗੈਨਿਕ ਖੇਤੀ ਸ਼ੁਰੂ ਕੀਤੀ ਸੀ ਜੋ ਹੁਣ ਉਨ੍ਹਾਂ ਦੇ 4.5 ਏਕੜ ਰਕਬੇ ਤੱਕ ਫੈਲ ਗਈ ਹੈ। ਗੁਰਪਾਲ ਸਿੰਘ ਆਪਣੇ ਖੇਤਾਂ ਵਿੱਚ ਹੁਣ ਬਿਨਾਂ ਰਸਾਇਣਾਂ ਅਤੇ ਕੀਟ ਨਾਸ਼ਕਾਂ ਦੇ ਬਿਲਕੁਲ ਜ਼ਹਿਰਾਂ ਰਹਿਤ ਖੇਤੀ ਕਰਦੇ ਹਨ। ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਆਰਗੈਨਿਕ ਖੇਤੀ ਦਾ ਕੁਝ ਝਾੜ ਘੱਟ ਨਿਕਲਦਾ ਹੈ ਪਰ ਜ਼ਹਿਰਾਂ ਰਹਿਤ ਉਪਜ ਹੋਣ ਕਾਰਨ ਗ੍ਰਾਹਕ ਇਸਨੂੰ ਵੱਧ ਮੁੱਲ ਉੱਪਰ ਖਰੀਦ ਲੈਂਦੇ ਹਨ।

ਕਿਸਾਨ ਗੁਰਪਾਲ ਸਿੰਘ ਦੱਸਦੇ ਹਨ ਕਿ ਉਸ ਨੇ ਸ਼ੁਰੂਆਤ ਵਿੱਚ ਖੇਤੀ ਵਿਰਾਸਤ ਮਿਸ਼ਨ ਨਾਲ ਰਾਬਤਾ ਕੀਤਾ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਆਤਮਾ ਦੁਆਰਾ ਲਗਾਏ ਜਾਂਦੇ ਕੈਂਪਾਂ ਵਿੱਚ ਹਿੱਸਾ ਲਿਆ, ਜਿਥੋਂ ਉਸਨੇ ਖੇਤੀ ਕਰਨ ਦੇ ਸੁਚੱਜੇ ਢੰਗਾਂ ਬਾਰੇ ਜਾਣਕਾਰੀ ਲਈ। ਹੌਲੀ-ਹੌਲੀ ਕਿਸਾਨ ਗੁਰਪਾਲ ਸਿੰਘ ਨੇ ਹੋਰਨਾਂ ਕਿਸਾਨਾਂ ਜੋ ਕਿ ਪਹਿਲਾਂ ਤੋਂ ਹੀ ਕੁਦਰਤੀ ਖੇਤੀ ਕਰ ਰਹੇ ਹਨ ਨਾਲ ਜੁੜਨਾ ਸ਼ੁਰੂ ਕੀਤਾ। ਇਸ ਨਾਲ ਗੁਰਪਾਲ ਸਿੰਘ ਹੋਰ ਉਤਸਾਹਿਤ ਹੋ ਕੇ ਕੰਮ ਕਰਨ ਲੱਗਾ।

ਕਿਸਾਨ ਗੁਰਪਾਲ ਸਿੰਘ ਆਪਣੇ ਖੇਤਾਂ ਵਿੱਚ ਆਰਗੈਨਿੰਕ ਤਰੀਕੇ ਨਾਲ ਦਾਲਾਂ, ਸਬਜ਼ੀਆਂ, ਫ਼ਲ, ਗੰਨਾਂ, ਬਾਸਮਤੀ ਅਤੇ ਦੇਸੀ ਕਣਕ ਦੀਆਂ ਕਿਸਮਾਂ ਦੀ ਬਹੁਤ ਹੀ ਸੁਚੱਜੇ ਢੰਗ ਨਾਲ ਪੈਦਾਵਾਰ ਕਰ ਰਹੇ ਹਨ। ਉਹਨਾਂ ਦਾ ਮੰਨਣਾ ਹੈ ਕਿ ਅਜੋਕੇ ਸਮੇਂ ਵਿੱਚ ਜਿਆਦਾ ਪੈਦਾਵਾਰ ਨਹੀਂ ਬਲਕਿ ਚੰਗੀ ਗੁਣਵੱਤਾ ਜਰੂਰੀ ਹੈ ਜੋ ਕਿ ਮਨੁੱਖੀ ਸਰੀਰ ਨੂੰ ਪੌਸ਼ਟਿਕ ਤੱਤ ਅਤੇ ਵਧੀਆ ਸੁਆਦ ਪ੍ਰਦਾਨ ਕਰਦੀ ਹੈ।

ਖੇਤੀ ਵਿਭਿੰਨਤਾ ਅਤੇ ਆਰਗੈਨਿਕ ਖੇਤੀ ਵਿੱਚ ਸਫਲਤਾ ਹਾਸਲ ਕਰਨ ਵਾਲੇ ਕਿਸਾਨ ਗੁਰਪਾਲ ਸਿੰਘ ਲਈ ਅਗਲੀ ਚਣੌਤੀ ਮਾਰਕਟਿੰਗ ਦੀ ਸੀ। ਸੋ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਤੇ ਆਪਣੀ ਆਰਗੈਨਿਕ ਉੱਪਜ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਆਪਣੇ ਪੱਧਰਤੇ ਬੱਚਿਆਂ ਅਤੇ ਪਰਿਵਾਰ ਦੇ ਸਹਿਯੋਗ ਸਦਕਾ ਵੀ ਮਾਰਕਿਟਿੰਗ ਕਰਨੀ ਸ਼ੁਰੂ ਕੀਤੀ ਜਿਸ ਨਾਲ ਬਹੁਤ ਸੌਖੇ ਤਰੀਕੇ ਸਦਕਾ ਸਮਾਨ ਦੀ ਵਿਕਰੀ ਹੋ ਗਈ।

ਖੇਤੀ ਮਹਿਕਮੇਂ ਤੋਂ ਪ੍ਰਭਾਵਿਤ ਹੋ ਕੇ ਕਿਸਾਨ ਗੁਰਪਾਲ ਸਿੰਘ ਪਿਛਲੇ 9 ਸਾਲਾਂ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਮਿਲਾਇਆ ਜਾ ਰਿਹਾ ਹੈ ਜਿਸ ਨਾਲ ਉਨ੍ਹਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੀ ਹੈ। ਗੁਰਪਾਲ ਸਿੰਘ ਨੇ ਸਟ੍ਰਾਬੈਰੀ ਦੀ ਖੇਤੀ ਜੋ ਕਿ ਹੁਣ ਆਮਦਨ ਵਿੱਚ ਹੋਰ ਵਾਧਾ ਕਰਨ ਲੱਗੀ ਉਹ ਵੀ ਸ਼਼ੁਰੂ ਕੀਤੀ। ਗੁਰਪਾਲ ਸਿੰਘ ਨੇ ਆਰਗੈਨਿਕ ਖੇਤੀ ਲਈ ਪੀ.ਜੀ.ਐੱਸ. ਅਤੇ ਪੰਜਾਬ ਐਗਰੋ ਵਿੱਚ ਆਪਣੀ ਆਰਗੈਨਿਕ ਖੇਤੀ ਬਾਰੇ ਬ੍ਰਾਂਡ ਰਜਿਸਟਰ ਕਰਵਾਇਆ ਹੈ।

ਗੁਰਪਾਲ ਸਿੰਘ ਵੱਲੋਂ ਆਰਗੈਨਿਕ ਖੇਤੀ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਦੂਰ-ਦੂਰ ਸ਼ਹਿਰਾਂ ਅਤੇ ਪਿੰਡਾਂ ਦੇ ਲੋਕ ਗੁਰਪਾਲ ਸਿੰਘ ਨਾਲ ਜੁੜੇ ਹਨ ਜੋ ਕਿ ਜਹਿਰ ਮੁਕਤ ਖੇਤੀ ਤੋਂ ਪੈਦਾ ਕੀਤੇ ਜਾ ਰਹੇ ਅਨਾਜ ਆਦਿ ਲੈਣ ਲਈ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਲੋਕਾਂ ਦੀ ਉਤਪਾਦਾਂ ਨੂੰ ਲੈਣ ਦੀ ਡਿਮਾਂਡ ਜਿਆਦਾ ਹੈ ਜਿਸ ਦੀ ਕਿਸਾਨ ਦੁਆਰਾ ਪੂਰਤੀ ਕਰਨ ਔਖੀ ਹੋ ਰਹੀ ਹੈ। ਕਿਸਾਨ ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਸਮੇਂ ਦੀ ਲੋੜ ਨੂੰ ਸਮਝਦਿਆਂ ਕਿਸਾਨ ਵੀਰਾਂ ਨੂੰ ਜਿਆਦਾ ਪੈਦਾਵਾਰ ਦੀ ਬਜਾਏ ਵਧੀਆ ਗੁਣਵੱਤਾ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਆਰਗੈਨਿਕ ਖੇਤੀ ਨੂੰ ਵੱਧ ਤੋਂ ਵੱਧ ਅਪਨਾਉਣਾ ਚਾਹੀਦਾ ਹੈ।

ਕਿਸਾਨ ਗੁਰਪਾਲ ਸਿੰਘ ਨੂੰ ਸਾਲ 2022 ਵਿੱਚ ਅਗਾਂਹਵਧੂ ਕਿਸਾਨ ਲਈ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸੰਧਵਾਂ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ।

Exit mobile version