ਪੰਜਾਬ ਦੇ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਨੇ ਸ਼ਾਟਪੁੱਟ ਵਿੱਚ ਨਵਾਂ ਏਸ਼ੀਅਨ ਰਿਕਾਰਡ ਬਣਾਇਆ

ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਮੁਬਾਰਕਬਾਦ

ਚੰਡੀਗੜ੍ਹ, 20 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨੇ ਭੁਵਨੇਸ਼ਵਰ ਵਿਖੇ ਚੱਲ ਰਹੀ ਇੰਟਰ ਸਟੇਟ ਨੈਸ਼ਨਲ ਅਥਲੈਟਿਕਸ ਮੀਟ ਵਿੱਚ ਸ਼ਾਟਪੁੱਟ ਮੁਕਾਬਲੇ ਵਿੱਚ 21.77 ਮੀਟਰ ਥਰੋਅ ਸੁੱਟ ਕੇ ਨਵਾਂ ਏਸ਼ੀਅਨ ਤੇ ਕੌਮੀ ਰਿਕਾਰਡ ਬਣਾਇਆ।

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਇਸ ਆਪਣੇ ਇਸ ਅਥਲੀਟ ਉਤੇ ਮਾਣ ਹੈ। ਇਸ ਤੋਂ ਪਹਿਲਾਂ ਏਸ਼ੀਅਨ ਤੇ ਕੌਮੀ ਰਿਕਾਰਡ ਵੀ ਤੇਜਿੰਦਰਪਾਲ ਸਿੰਘ ਤੂਰ ਦੇ ਨਾਮ ਸੀ ਅਤੇ ਕੱਲ੍ਹ ਭੁਵਨੇਸ਼ਵਰ ਵਿਖੇ ਇਸ ਅਥਲੀਟ ਨੇ ਬਿਹਤਰ ਪ੍ਰਦਰਸ਼ਨ ਕਰਦਿਆਂ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਬਣਾਇਆ। ਖੇਡ ਮੰਤਰੀ ਨੇ ਅਥਲੀਟ ਤੂਰ ਨੂੰ ਆਉਣ ਵਾਲੇ ਖੇਡ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਪਹਿਲਾਂ ਵਾਂਗ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰੇਗਾ।

ਮੋਗਾ ਦੇ ਰਹਿਣ ਵਾਲੇ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨੇ ਕੱਲ੍ਹ ਇਸ ਪ੍ਰਾਪਤੀ ਨਾਲ ਇਸ ਸਾਲ ਚੀਨ ਵਿਖੇ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ। ਜ਼ਿਕਰਯੋਗ ਹੈ ਕਿ ਤੂਰ ਨੇ 2018 ਵਿੱਚ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਸੀ।

Exit mobile version