ਮੈਂ ਜਾਣਦਾ ਹਾਂ ਕਿ ‘ਅਖੌਤੀ ਸਿਆਸਤਦਾਨ’ ਇਕ ਆਮ ਆਦਮੀ ਨੂੰ ਮੁੱਖ ਮੰਤਰੀ ਵਜੋਂ ਹਜ਼ਮ ਨਹੀਂ ਕਰ ਸਕਦੇ: ਮੁੱਖ ਮੰਤਰੀ

ਪੰਜਾਬ ਨੇ ਮੇਰੇ ਉਤੇ ਜਿਸ ਤਰ੍ਹਾਂ ਪਿਆਰ ਵਰਸਾਇਆ, ਉਸ ਤੋਂ ਸੁਖਬੀਰ ਬਾਦਲ ਨਿਰਾਸ਼ ਹੈਃ ਭਗਵੰਤ ਮਾਨ

ਜੇ ਤੁਸੀਂ ਮੈਨੂੰ ‘ਪਾਗਲ’ ਕਹਿਣਾ ਚਾਹੁੰਦੇ ਹੋ ਤਾਂ ਠੀਕ ਹੈ, ਮੈਂ 3 ਕਰੋੜ ਪੰਜਾਬੀਆਂ ਦੇ ਪਿਆਰ ਵਿੱਚ ਪਾਗਲ ਹਾਂ: ਮੁੱਖ ਮੰਤਰੀ

ਮੈਂ ਇੱਥੇ ‘ਲੁੱਟਣ’ ਨਹੀਂ, ਪੰਜਾਬ ਦੀ ‘ਸੇਵਾ’ ਕਰਨ ਆਇਆ ਹਾਂਃ ਭਗਵੰਤ ਮਾਨ

ਚੰਡੀਗੜ੍ਹ, 15 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਵਿਰੁੱਧ ਕੀਤੀ ਗੈਰ-ਸੰਸਦੀ ਟਿੱਪਣੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਉਨ੍ਹਾਂ ਲਈ ਵਧ ਰਹੇ ਜਨਤਕ ਸਮਰਥਨ ਤੋਂ ਦੁਖੀ ਹੋ ਕੇ ਅਕਾਲੀ ਦਲ ਦੇ ਮੁਖੀ ਆਪਣਾ ਮਾਨਸਿਕ ਸੰਤੁਲਨ ਗੁਆ ​​ਚੁੱਕੇ ਹਨ।

ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਨ੍ਹਾਂ ਨਕਾਰੇ ਹੋਏ ਆਗੂਆਂ, ਜਿਨ੍ਹਾਂ ਨੂੰ ਲੋਕਾਂ ਵੱਲੋਂ ਲਾਂਭੇ ਕੀਤਾ ਜਾ ਚੁੱਕਾ ਹੈ, ਨੂੰ ਕੁਝ ਵੀ ਕਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਪੰਜਾਬ ਨੂੰ ਆਪਣੀ ਜਾਗੀਰ ਸਮਝ ਕੇ ਸੂਬੇ ਨੂੰ ਬੇਰਹਿਮੀ ਨਾਲ ਲੁੱਟਿਆ। ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਨਾਰਾਜ਼ ਹੋ ਕੇ ਸੂਬੇ ਦੇ ਸੂਝਵਾਨ ਲੋਕਾਂ ਨੇ ਇਨ੍ਹਾਂ ਆਗੂਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਆਪਣੀ ਸਰਕਾਰ ਚੁਣੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਨ੍ਹਾਂ ਆਗੂਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਆਮ ਆਦਮੀ ਦੀ ਸਰਕਾਰ ਸੂਬੇ ਅਤੇ ਇਸ ਦੇ ਲੋਕਾਂ ਦੀ ਸੇਵਾ ਲਈ ਅਣਥੱਕ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਨਿਰਾਸ਼ ਹੋ ਕੇ ਇਨ੍ਹਾਂ ਆਗੂਆਂ ਨੇ ਅਜਿਹੀ ਭੱਦੀ ਭਾਸ਼ਾ ਦੀ ਵਰਤੋਂ ਕਰਕੇ ਨੈਤਿਕਤਾ ਦਾ ਪੱਲਾ ਛੱਡ ਕੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਸੂਬੇ ਦੀ ਜਨਤਾ ਸਬਕ ਸਿਖਾ ਕੇ ਇਨ੍ਹਾਂ ਨੂੰ ਉਨ੍ਹਾਂ ਦੀ ਜ਼ੁਬਾਨ ਵਿੱਚ ਜਵਾਬ ਦੇਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਠੀਕ ਹੈ ਕਿ ਉਹ ਪਾਗਲ ਹਨ ਪਰ ਘੱਟੋ-ਘੱਟ ਉਹ ਜਨਤਕ ਦੌਲਤ ਨੂੰ ਨਹੀਂ ਲੁੱਟ ਰਹੇ, ਜਿਵੇਂ ਕਿ ਸੁਖਬੀਰ ਅਤੇ ਉਸ ਦੀ ਜੁੰਡਲੀ ਨੇ ਆਪਣੇ ਦੌਰ ਦੌਰਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਲੋਕ ਜਨ-ਜੀਵਨ ਵਿੱਚ ਬਹੁਤ ਨੀਵੇਂ ਡਿੱਗਦੇ ਜਾ ਰਹੇ ਹਨ ਪਰ ਆਉਣ ਵਾਲੇ ਸਮੇਂ ਵਿੱਚ ਲੋਕ ਇਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਜ਼ਰੂਰ ਦੇਣਗੇ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਅਤੇ ਇਸ ਦੇ ਲੋਕਾਂ ਨਾਲ ਨਾ ਮੁਆਫ਼ੀਯੋਗ ਗੁਨਾਹ ਕੀਤੇ ਹਨ ਅਤੇ ਸੂਬੇ ਦੇ ਲੋਕ ਇਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।

Exit mobile version