ਹਰਜੋਤ ਸਿੰਘ ਬੈਂਸ ਵੱਲੋਂ ਨੰਗਲ ਫਲਾਈਓਵਰ ਦਾ ਕਾਰਜ ਦੋ ਸ਼ਿਫਟਾਂ ਵਿੱਚ ਕਰਨ ਦੇ ਹੁਕਮ

ਉਸਾਰੀ ਕੰਪਨੀ ਵੱਲੋਂ ਕੰਮ ਵਿੱਚ ਵਰਤੀ ਜਾ ਰਹੀ ਬੇਲੋੜੀ ਦੇਰੀ ਦਾ ਪੀ.ਡਬਲਯੂ.ਡੀ. ਮੰਤਰੀ ਨੇ ਲਿਆ ਸਖਤ ਨੋਟਿਸ

ਚੰਡੀਗੜ੍ਹ, 14 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਨੰਗਲ ਫਲਾਈਓਵਰ ਦੀ ਉਸਾਰੀ ਸਬੰਧੀ ਕਾਰਜ ਨੂੰ ਦੋ ਸ਼ਿਫਟਾਂ ਵਿੱਚ ਚਲਾਉਣ ਦੇ ਹੁਕਮ ਦਿੱਤੇ ਹਨ। ਸ. ਬੈਂਸ ਅੱਜ ਇੱਥੇ ਪੰਜਾਬ ਸਿਵਲ ਸਕਤਰੇਤ ਵਿਖੇ ਨੰਗਲ ਫਲਾਈਓਵਰ ਦੀ ਉਸਾਰੀ ਸਬੰਧੀ ਹਫਤਾਵਾਰੀ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਮੀਟਿੰਗ ਦੌਰਾਨ ਪੰਜਾਬ ਰਾਜ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਨੰਗਲ ਫਲਾਈਓਵਰ ਦੀ ਉਸਾਰੀ ਸਬੰਧੀ ਕੰਪਨੀ ਵੱਲੋਂ ਅਪਣਾਈ ਗਈ ਢਿੱਲੀ-ਮੱਠੀ ਕਾਰਗੁਜਾਰੀ ਅਧਿਕਾਰੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕੰਪਨੀ ਦੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਜੇ ਹੁਣ ਮਿੱਥੇ ਸਮਾਂ ਸੀਮਾ ਵਿੱਚ ਫਲਾਈਓਵਰ ਦੀ ਉਸਾਰੀ ਦਾ ਕਾਰਜ ਮੁਕੰਮਲ ਨਹੀਂ ਹੋਇਆ ਤਾਂ ਕੰਪਨੀ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਕੰਪਨੀ ਨੂੰ ਭਵਿੱਖ ਵਿੱਚ ਕੋਈ ਟੈਂਡਰ ਨਹੀਂ ਦਿੱਤਾ ਜਾਵੇਗਾ।

ਹਰਭਜਨ ਸਿੰਘ ਈ.ਟੀ.ਓ. ਨੇ ਇਸ ਫਲਾਈਓਵਰ ਦੀ ਉਸਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ 23 ਜੂਨ,2023 ਨੂੰ ਆਪਣੇ ਦਫ਼ਤਰ ਵਿੱਚ ਨੰਗਲ ਫਲਾਈਓਵਰ ਦੀ ਪ੍ਰਗਤੀ ਸਬੰਧੀ ਰੀਵਿਊ ਮੀਟਿੰਗ ਮੁੜ ਰੱਖੀ ਗਈ ਹੈ।
ਕੈਬਨਿਟ ਮੰਤਰੀ ਬੈਂਸ ਨੇ ਮੀਟਿੰਗ ਵਿੱਚ ਹਾਜ਼ਰ ਐਸ.ਡੀ.ਐਮ. ਮਨੀਸ਼ਾ ਰਾਣਾ ਨੂੰ ਨਿਰਦੇਸ਼ ਦਿੱਤੇ ਕਿ ਨੰਗਲ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਦੇ ਕਾਰਜ ਵਿੱਚ ਵੀ ਤੇਜੀ ਲਿਆਂਦੀ ਜਾਵੇ। ਇਸ ਮੀਟਿੰਗ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ, ਪੀ.ਡਬਲਯੂ.ਡੀ. ਅਤੇ ਉਸਾਰੀ ਕੰਪਨੀ ਦੇ ਅਧਿਕਾਰੀ ਹਾਜ਼ਰ ਸਨ।

Exit mobile version