ਦਰਬਾਰਾ ਸਿੰਘ ਗੁਰੂ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰੂ ਦਾ ਪਾਰਟੀ ਵਿਚ ਵਾਪਸ ਸ਼ਾਮਲ ਹੋਣ ’ਤੇ ਕੀਤਾ ਸਵਾਗਤ

ਚੰਡੀਗੜ੍ਹ, 2 ਜੂਨ 2023 (ਦੀ ਪੰਜਾਬ ਵਾਇਰ)। ਉੱਘੇ ਸਿਆਸਤਦਾਨ ਅਤੇ ਸਾਬਕਾ ਅਫਸਰਸ਼ਾਹ ਸਰਦਾਰ ਦਰਬਾਰਾ ਸਿੰਘ ਗੁਰੂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਮੁੜ ਪਾਰਟੀ ਵਿਚ ਸ਼ਾਮਲ ਹੋ ਗਏ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਥੇ ਮੁੱਲਾਂਪੁਰ ਨੇੜੇ ਸਰਦਾਰ ਦਰਬਾਰਾ ਸਿੰਘ ਗੁਰੂ ਦੀ ਰਿਹਾਇਸ਼ ’ਤੇ ਪਹੁੰਚੇ ਜਿਸ ਦੌਰਾਨ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੌਥੀ ਸ਼ਤਾਬਦੀ ਮੈਮੋਰੀਅਲ ਟਰੱਸਟ ਦੇ ਸਾਬਕਾ ਮੈਂਬਰ ਸਕੱਤਰ ਨੂੰ ਮੁੜ ਪਾਰਟੀ ਵਿਚ ਸ਼ਾਮਲ ਕੀਤਾ।

ਪੰਜਾਬ ਨੂੰ ਬਚਾਉਣ ਦਾ ਸੱਦਾ ਦਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਵਿਚ ਪੰਜਾਬ ਦਹਾਕਿਆਂ ਪਿੱਛੇ ਚਲਾ ਗਿਆ ਹੈ। ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿਹਰਿਆਣਾ ਵਿਚ ਜੀ ਐਸ ਟੀ ਮਾਲੀਆ ਪੰਜਾਬ ਨਾਲੋਂ ਚਾਰ ਗੁਣਾ ਜ਼ਿਆਦਾ ਹੈ। ਉਹਨਾਂ ਨੇ ਪਾਰਟੀ ਦੇ ਕੇਡਰ ਨੂੰ ਅਪੀਲ ਕੀਤੀ ਕਿ ਮੌਜੂਦਾ ਭ੍ਰਿਸ਼ਟ ਆਪ ਸਰਕਾਰ ਨੂੰ ਸੱਤਾ ਵਿਚੋਂ ਬਾਹਰ ਕਰਨ ਅਤੇ ਫਿਰ ਤੋਂ ਪੰਜਾਬ ਵਿਚ ਸ਼ਾਂਤੀ, ਤਰੱਕੀ ਤੇ ਵਿਕਾਸ ਦਾ ਦੌਰਾ ਵਾਪਸ ਲਿਆਉਣ ਵਾਸਤੇ ਇਕਜੁੱਟ ਹੋ ਕੇ ਕੰਮ ਕਰਨ।

ਇਸ ਮੌਕੇ ਸਰਦਾਰ ਦਰਬਾਰਾ ਸਿੰਘ ਗੁਰੂ ਨੇ ਅਕਾਲੀ ਦਲ ਵਿਚ ਵਾਪਸੀ ’ਤੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਜੇਕਰ ਉਹਨਾਂ ਦੀ ਅੱਜ ਕੋਈ ਪਛਾਣ ਹੈ ਤਾਂ ਇਹ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਰਹੇ ਹਨ। ਉਹਨਾਂ ਕਿਹਾ ਕਿ ਉਹ ਅਕਾਲੀ ਸਿਧਾਂਤਾਂ ਤੇ ਵਿਚਾਰਧਾਰਾ ਦੇ ਮੁਤਾਬਕ ਪਾਰਟੀ ਦੀ ’ਚੜ੍ਹਦੀਕਲਾ’ ਵਾਸਤੇ ਸੰਜੀਦਗੀ ਨਾਲ ਕੰਮ ਕਰਨਗੇ।

ਇਸ ਮੌਕੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ, ਸਰਦਾਰ ਸੁਰਜੀਤ ਸਿੰਘ ਰੱਖੜਾ, ਸਰਦਾਰ ਜਗਦੀਪ ਸਿੰਘ ਚੀਮਾ ਅਤੇ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੀ ਹਾਜ਼ਰ ਸਨ।

Exit mobile version