ਥਾਣਾ ਦੋਰਾਂਗਲਾ ਦੇ ਪਿੰਡ ਘਾਨਾ ਦੇ ਸਿਰ ਸੱਜਿਆ ਬਾਰਡਰ ਗੁਰਦਾਸਪੁਰ ਟਰਾਫੀ (ਵਾਲੀਵਾਲ) ਦਾ ਤਾਜ, ਗੁਰਦਾਸਪੁਰ ਪੁਲਿਸ ਵੱਲੋਂ ਕੀਤੀ ਗਈ ਸੀ ਨਵੀਂ ਪਹਿਲ

ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਦੇ ਪਰਿਵਾਰ ਅਤੇ ਐਸਐਸਪੀ ਗੁਰਦਾਸਪੁਰ ਨੇ ਕੀਤਾ ਵਿਜੇਤਾ ਟੀਮ ਨੂੰ ਸਨਮਾਨਿਤ

ਗੁਰਦਾਸਪੁਰ, 30 ਮਈ (ਦੀ ਪੰਜਾਬ ਵਾਇਰ)। ਗੁਰਦਾਸਪੁਰ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਨਵੇਕਲੀ ਪਹਿਲ ਕਦਮੀ ਦੇ ਚਲਦੇ ਕਰਵਾਏ ਜਾ ਰਹੇ ਬਾਰਡਰ ਗੁਰਦਾਸਪੁਰ ਟਰਾਫੀ (ਵਾਲੀਵਾਲ) ਦਾ ਤਾਜ ਥਾਨਾ ਦੋਰਾਂਗਲਾ ਦੇ ਪਿੰਡ ਘਾਨਾ ਦੀ ਟੀਮ ਦੇ ਸਿਰ ਸੱਜਿਆ। ਫਾਇਨਲ ਮੁਕਾਬਲੇ ਪੁਲਿਸ ਲਾਈਨ ਗੁਰਦਾਸਪੁਰ ਵਿੱਖੇ ਆਯੋਜਿਤ ਕੀਤੇ ਗਏ ਸਨ ਜਿਸ ਵਿੱਚ ਮੁਕਾਬਲੇ ਵਿੱਚ ਜ਼ਿਲ੍ਹਾ ਬਹਿਰਾਮਪੁਰ, ਥਾਣਾ ਦੋਰਾਂਗਲਾ, ਜ਼ਿਲ੍ਹਾ ਕਲਾਨੌਰ ਦੇ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੇ ਭਾਗ ਲਿਆ ਸੀ।

ਫਾਇਨਲ ਵਿਜੇਤਾ ਟੀਮ ਨੂੰ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਪਰਿਵਾਰ ਅਤੇ ਐਸਐਸਪੀ ਗੁਰਦਾਸਪੁਰ ਹਰੀਸ਼ ਦਿਯਾਮਾ ਵੱਲੋਂ ਟਰਾਫੀ ਦੇ ਕੇ ਸਮਾਨਿਤ ਕੀਤਾ ਗਿਆ ਅਤੇ ਪ੍ਰਮਾਨ ਪੱਤਰ ਵੀ ਦਿੱਤੇ ਗਏ। ਐਸਐਸਪੀ ਹਰੀਸ਼ ਦਿਯਾਮਾ ਨੇ ਦੱਸਿਆ ਕਿ ਟਰਾਫੀ, ਟੀਮ ਦੀ ਫੋਟੋ ਅਤੇ ਪਿੰਡ ਦਾ ਨਾਮ ਪੱਕੇ ਤੌਰ ਤੇ ਪੁਲਿਸ ਲਾਈਨ ਗੁਰਦਾਸਪੁਰ ਦੀ ਅਵਾਰਡ ਕੈਬਿਨੇਟ ਵਿੱਚ ਰੱਖਿਆ ਜਾਵੇਗਾ ਤਾਂ ਜੋ ਦੂਸਰੇ ਵੀ ਪ੍ਰੇਰਣਾ ਲੈ ਸਕਣ।

ਦੱਸਣਯੋਗ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਇੱਕ ਨਵਾਂ ਉਪਰਾਲਾ ਕੀਤਾ ਗਿਆ ਸੀ। ਜਿਸ ਦੇ ਚਲਦਿਆਂ ਐਸ.ਐਸ.ਪੀ ਹਰੀਸ਼ ਦਿਯਾਮਾ ਦੇ ਨਿਰਦੇਸ਼ਾਂ ਤਹਿਤ ਬਾਰਡਰ ਗੁਰਦਾਸਪੁਰ ਟਰਾਫੀ (ਵਾਲੀਬਾਲ) 2023 ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹ ਖੇਡ ਮੁਕਾਬਲਾ 23 ਮਈ ਤੋਂ 29 ਮਈ ਤੱਕ ਚੱਲਿਆ।

ਲੋਕ ਮਿਲਣੀ ਰਾਹੀਂ ਸਰਹੱਦੀ ਲੋਕਾਂ ਅਤੇ ਨੌਜਵਾਨਾਂ ਦੀ ਮੰਗ ਤੇ ਪੁਲਿਸ ਵੱਲੋਂ ਇਹ ਪਹਿਲਕਦਮੀ ਕੀਤੀ ਗਈ ਹੈ। ਜਿਸ ਦੇ ਚਲਦਿਆਂ ਗੁਰਦਾਸਪੁਰ ਦੇ ਐਸ.ਐਸ.ਪੀ ਹਰੀਸ਼ ਦਿਯਾਮਾ ਵੱਲੋਂ ਨੌਜਵਾਨਾਂ ਅਤੇ ਪੁਲਿਸ ਦਰਮਿਆਨ ਬਿਹਤਰ ਤਾਲਮੇਲ ਕਾਇਮ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਇਸ ਟਰਾਫੀ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਹ ਪ੍ਰੋਗਰਾਮ ਦੀਨਾਨਗਰ ਦੇ ਏਐਸਪੀ ਆਈਪੀਐਸ ਅਦਿੱਤਿਆ ਵਾਰੀਅਰ ਵੱਲੋਂ ਪੂਰੀ ਤਰ੍ਹਾਂ ਉਲੀਕੀਆ ਗਿਆ ਸੀ। ਬਾਰਡਰ ਗੁਰਦਾਸਪੁਰ ਟਰਾਫੀ ਨੂੰ ਸਾਲਾਨਾ ਟੂਰਨਾਮੈਂਟ ਬਣਾਉਣ ਦੀ ਯੋਜਨਾ ਹੈ ਜਿਸ ਵਿੱਚ ਸਰਹੱਦੀ ਪਿੰਡਾਂ ਦੀਆਂ ਟੀਮਾਂ ਭਾਗ ਲੈਣਗੀਆਂ।

ਹਫ਼ਤਾ ਭਰ ਚੱਲੇ ਇਸ ਟੂਰਨਾਮੈਂਟ ਵਿੱਚ ਕੁਲ 19 ਸਰਹੱਦੀ ਪਿੰਡਾ ਅਤੇ 170 ਨੌਜਵਾਨਾਂ ਨੇ ਭਾਗ ਲਿਆ ਸੀ ਅਤੇ ਸਰਵੋਤਮ ਖਿਡਾਰੀ ਦੀ ਟਰਾਫੀ ਵੀ ਸ਼ਹੀਦ ਕੁਲਦੀਪ ਸਿੰਘ ਬਾਜਵਾ ਦੇ ਨਾਮ ਰੱਖੀ ਗਈ।

ਇਸ ਤੋਂ ਇਲਾਵਾ ਸਰਹੱਦੀ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਜੀਐਸਪੀ ਵੱਲੋਂ 2022 ਬੈਚ ਦੇ ਤਿੰਨ ਆਈਪੀਐਸ ਅਧਿਕਾਰੀਆਂ ਦੇ ਮਾਪਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਰਹੱਦੀ ਪਿੰਡਾਂ ਵਿੱਚ ਭਾਰੀ ਮਾਤਰਾ ਵਿੱਚ ਨਸ਼ਾ ਫੜਨ ਵਿੱਚ ਪੁਲਿਸ ਦੀ ਨਿਡਰਤਾ ਨਾਲ ਮਦਦ ਕਰਨ ਵਾਲੇ ਦੋ ਚੰਗੇ ਸਾਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

Exit mobile version