ਦਿੱਲੀ ਪੁਲਿਸ ਵੱਲੋਂ ਪਹਿਲਵਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਿਰੁੱਧ ਵੱਖ-ਵੱਖ ਜਥੇਬੰਦੀਆਂ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

ਗੁਰਦਾਸਪੁਰ, 29 ਮਈ 2023 (ਦੀ ਪੰਜਾਬ ਵਾਇਰ)। ਇਨਸਾਫ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੇ ਪ੍ਰਦਰਸ਼ਨਕਾਰੀਆਂ ‘ਤੇ ਦਿੱਲੀ ਪੁਲਸ ਦੀ ਬੇਰਹਿਮੀ ਖਿਲਾਫ ਐਤਵਾਰ ਨੂੰ ਵੱਖ-ਵੱਖ ਸੰਗਠਨਾਂ ਅਤੇ ਸਿਆਸੀ ਪਾਰਟੀਆਂ ਨੇ ਸ਼ਹਿਰ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਸਥਾਨਕ ਡਾਕਖਾਨਾ ਚੌਕ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ। ਇਸ ਧਰਨੇ ਦੀ ਅਗਵਾਈ ਸੀਪੀਆਈ, ਸੀਪੀਆਈਐਮਐਲ ਲਿਬਰੇਸ਼ਨ, ਸੀਪੀਆਈਐਮਐਲ ਨਿਊ ਡੈਮੋਕਰੇਸੀ, ਆਰਐਮਪੀਆਈ ਕਰ ਰਹੇ ਸਨ।

ਪ੍ਰਦਰਸ਼ਨਕਾਰੀ ਪਹਿਲਾਂ ਸ਼ਹਿਰ ਦੇ ਨਹਿਰੂ ਪਾਰਕ ਵਿੱਚ ਇਕੱਠੇ ਹੋਏ ਅਤੇ ਫਿਰ ਪੈਦਲ ਮਾਰਚ ਕਰਦੇ ਹੋਏ ਸਥਾਨਕ ਡਾਕਖਾਨਾ ਚੌਕ ਵਿੱਚ ਪੁੱਜੇ। ਇਸ ਸਮੇਂ ਸੁਭਾਸ਼ ਕੋਰੇ, ਰਾਜ ਕੁਮਾਰ ਪੰਡੋਰੀ, ਰਘਬੀਰ ਸਿੰਘ ਪਕੀਵਾਂ ਅਤੇ ਸਾਥੀ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਪਹਿਲਵਾਨਾਂ ਦੇ ਸੰਘਰਸ਼ ਨੂੰ ਕੁਚਲਣ ਲਈ ਪੂਰੀ ਦਿੱਲੀ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਪਹਿਲਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਗਏ। ਇਹ ਸਾਰੀ ਘਟਨਾ ਲੋਕਤੰਤਰ ਦਾ ਕਤਲ ਹੈ। ਆਗੂਆਂ ਨੇ ਕਿਹਾ ਕਿ ਪਹਿਲਵਾਨਾਂ ਦਾ ਸੰਘਰਸ਼ ਹੁਣ ਲੋਕਾਂ ਦਾ ਸੰਘਰਸ਼ ਬਣ ਚੁੱਕਾ ਹੈ ਅਤੇ ਕੇਂਦਰ ਸਰਕਾਰ ਇਸ ਸੰਘਰਸ਼ ਦੇ ਦੁਸ਼ਮਣ ਬ੍ਰਿਜਭੂਸ਼ਨ ਸ਼ਰਨ ਸਿੰਘ ਨੂੰ ਨਹੀਂ ਬਚਾ ਸਕਦੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਸਮੁੱਚੇ ਘਟਨਾਕ੍ਰਮ ਲਈ ਦੇਸ਼ ਦੀ ਜਨਤਾ ਤੋਂ ਮੁਆਫ਼ੀ ਮੰਗੇ, ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਪੋਸਕੋ ਐਕਟ ਤਹਿਤ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਦਰਸ਼ਨ ਕੁਮਾਰ ਮੱਖਣ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ ਲੱਖਣਕਲਾਂ, ਸਤਬੀਰ ਸਿੰਘ ਸੁਲਤਾਨੀ, ਸ਼ਿਵ ਕੁਮਾਰ ਅਤੇ ਠਾਕਰ ਧਿਆਨ ਸਿੰਘ ਹਾਜ਼ਰ ਸਨ।

Exit mobile version