ਪ੍ਰਸਾਰ ਭਾਰਤੀ ਵੱਲੋਂ ਦਿੱਲੀ ਤੇ ਚੰਡੀਗੜ੍ਹ ਵਿਚ ਪੰਜਾਬੀ ਖਬਰਾਂ ਦਾ ਬੁਲੇਟਿਨ ਬੰਦ ਕਰਨ ਦੇ ਫੈਸਲੇ ਦੀ ਸਮੀਖਿਆ ਕਰੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ: ਅਕਾਲੀ ਦਲ

ਇਹ ਪੰਜਾਬੀ ਖਬਰਾਂ ਵੱਡੀ ਗਿਣਤੀ ਵਿਚ ਪੰਜਾਬੀ ਲੋਕ ਸੁਣਦੇ ਹਨ ਤੇ ਇਹ ਜਨਤਕ ਹਿੱਤਾਂ ਲਈ ਜਾਰੀ ਰਹਿਣੀਆਂ ਜ਼ਰੂਰੀ: ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ, 27 ਮਈ 2023 (ਦੀ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਬੇਨਤੀ ਕੀਤੀ ਕਿ ਪ੍ਰਸਾਰ ਭਾਰਤੀ ਵੱਲੋਂ ਦਿੱਲੀ ਤੇ ਚੰਡੀਗੜ੍ਹ ਕੇਂਦਰਾਂ ਤੋਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਬੰਦ ਕਰਨ ਦੇ ਫੈਸਲੇ ਦੀ ਸਮੀਖਿਆ ਕੀਤੀ ਜਾਵੇ ਕਿਉਂਕਿ ਇਹ ਖਬਰਾਂ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰਾ ਸੁਣਦਾ ਹੈ ਤੇ ਜਨਤਕ ਹਿੱਤਾਂ ਵਿਚ ਇਹ ਜਾਰੀ ਰਹਿਣੀਆਂ ਚਾਹੀਦੀਆਂ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਤੇ ਚੰਡੀਗੜ੍ਹ ਕੇਂਦਰ ਤੋਂ ਪੰਜਾਬੀ ਖਬਰਾਂ ਬੰਦ ਕਰਨ ਦੇ ਪ੍ਰਸਾਰ ਭਾਰਤੀ ਦੇ ਅਚਨਚੇਤ ਫੈਸਲੇ ਨਾਲ ਦੋਵਾਂ ਸ਼ਹਿਰਾਂ ਵਿਚ ਰਹਿੰਦੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਅਸੀਂ ਇਹ ਖਬਰਾਂ ਜਾਰੀ ਰੱਖਣ ਦੇ ਹੱਕ ਵਿਚ ਹਾਂ। ਉਹਨਾਂ ਕਿਹਾ ਕਿ ਇਹ ਖਬਰਾਂ ਬੰਦ ਕਰਨ ਨਾਲ ਕੌਮੀ ਰਾਜਧਾਨੀ ਤੇ ਸੂਬੇ ਦੇ ਰਾਜਧਾਨੀ ਸ਼ਹਿਰਾਂ ਵਿਚ ਪੰਜਾਬੀਆਂ ਤੋਂ ਤਾਜ਼ਾ ਖਬਰਾਂ ਤੋਂ ਜਾਣੂ ਰਹਿਣ ਦੇ ਮੌਕੇ ਖੁੰਝ ਜਾਣਗੇ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚੰਡੀਗੜ੍ਹ ਕੇਂਦਰ ਤੋਂ ਪੰਜਾਬੀ ਖਬਰਾਂ ਦਾ ਬੁਲਟੇਨ ਬੰਦ ਕਰਨ ਦਾ ਫੈਸਲਾ ਪੰਜਾਬ ਨਾਲ ਵਿਤਕਰਾ ਹੈ ਕਿਉਂਕਿ ਇਸ ਨਾਲ ਪੰਜਾਬ ਦੇ ਚੰਡੀਗੜ੍ਹ ’ਤੇ ਦਾਅਵੇ ਨੂੰ ਹੋਰ ਖੋਰਾ ਲੱਗੇਗਾ। ਉਹਨਾਂ ਕਿਹਾ ਕਿ ਇਹ ਪਿਛਲੇ ਸਮਿਆਂ ਵਿਚ ਪੰਜਾਬ ਦੇ ਇਸਦੇ ਰਾਜਧਾਨੀ ਸ਼ਹਿਰ ’ਤੇ ਦਾਅਵੇ ਨੂੰ ਕਮਜ਼ੋਰ ਕਰਨ ਵਾਲੇ ਲਏ ਫੈਸਲਿਆਂ ਦੀ ਅਗਲੀ ਕੜੀ ਹੈ।

ਵੇਰਵੇ ਸਾਂਝੇ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਦੋਵੇਂ ਸ਼ਹਿਰਾਂ ਵਿਚ ਪੰਜਾਬੀ ਖਬਰਾਂ ਦੇ ਬੁਲੇਟਿਨ ਦੇ ਨਾਲ ਨਾਲ ਚੰਡੀਗੜ੍ਹ ਤੋਂ ਹਫਤਾਵਾਰੀ ਖਬਰਾਂ ਪ੍ਰਸਾਰਤ ਕੀਤੀਆਂ ਜਾਂਦੀਆਂ ਸਨ। ਉਹਨਾਂ ਕਿਹਾ ਕਿ ਪ੍ਰਸਾਰ ਭਾਰਤੀ ਨੇ ਇਸ ਕੰਮ ਵਿਚ ਲੱਗੇ ਸਟਾਫ ਦੇ ਨਾਲ ਨਾਲ ਦਿੱਲੀ ਵਿਚ ਪੰਜਾਬੀ ਬੁਲੇਟਨ ਤਿਆਰ ਕਰਨ ਵਾਲੇ ਸਟਾਫ ਨੂੰ ਦੂਰਦਰਸ਼ਨ ਕੇਂਦਰ ਜਲੰਧਰ ਤਬਦੀਲ ਕਰਨ ਦੇ ਹੁਕਮ ਦਿੱਤੇ ਹਨ। ਡਾ. ਚੀਮਾ ਨੇ ਕਿਹਾ ਕਿ ਇਸ ਨਾਲ ਦਿੱਲੀ ਤੇ ਚੰਡੀਗੜ੍ਹ ਦੋਵਾਂ ਥਾਵਾਂ ਤੋਂ ਪ੍ਰਸਾਰਤ ਹੁੰਦੇ ਪੰਜਾਬੀ ਬੁਲੇਟਨ ਦੀ ਕਵਾਲਟੀ ’ਤੇ ਫਰਕ ਪਵੇਗਾ ਕਿਉਂਕਿ ਦਿੱਲੀ ਅਤੇ ਚੰਡੀਗੜ੍ਹ ਦੋਵਾਂ ਕੇਂਦਰਾਂ ਤੋਂ ਪੰਜਾਬੀ ਖਬਰਾਂ ਦੇਣ ਵਾਲੇ ਰਿਪੋਰਟਰ ਕੌਮੀ ਰਾਜਧਾਨੀ ਦੇ ਨਾਲ ਨਾਲ ਚੰਡੀਗੜ੍ਹ ਵਿਚ ਹੋਣ ਵਾਲੇ ਸਾਰੇ ਮਾਮਲਿਆਂ ਦੀ ਤਾਜ਼ਾ ਜਾਣਕਾਰੀ ਦਿੰਦੇ ਹਨ। ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਸੰਸਦ, ਸੁਪਰੀਮ ਕੋਰਟ, ਦਿੱਲੀ ਦੇ ਮੰਤਰਾਲਿਆਂ ਦੇ ਨਾਲ ਨਾਲ ਵਿਧਾਨ ਸਭਾ ਤੇ ਹਾਈ ਕੋਰਟ ਵਰਗੀਆਂ ਸੰਸਥਾਵਾਂ ਦੀ ਹੁੰਦੀ ਕਵਰੇਜ ਪ੍ਰਭਾਵਤ ਹੋਵੇਗੀ।

ਡਾ. ਚੀਮਾ ਨੇ ਕਿਹਾ ਕਿ ਇਸ ਫੈਸਲੇ ਨਾਲ ਦਿੱਲੀ ਅਤੇ ਚੰਡੀਗੜ੍ਹ ਵਿਚ ਇਹਨਾਂ ਬੁਲੇਟਿਨਾਂ ਦਾ ਕੰਮ ਸੰਭਾਲਦੇ ਸਟਾਫ ’ਤੇ ਵੀ ਮਾਰੂ ਅਸਰ ਪਵੇਗਾ। ਉਹਨਾਂ ਕਿਹਾ ਕਿ ਜਿਥੇ ਦਿੱਲੀ ਤੇ ਚੰਡੀਗੜ੍ਹ ਤੋਂ ਪੰਜਾਬੀ ਭਾਸ਼ਾ ਦੀਆਂ ਖਬਰਾਂ ਦਾ ਸਟਾਫ ਬਦਲਿਆ ਜਾ ਰਿਹਾ ਹੈ, ਉਥੇ ਹੀ ਹਿਸਾਰ ਦੀਆਂ ਖੇਤਰੀ ਖਬਰਾਂ ਦਾ ਸਟਾਫ ਹਿਸਾਰ ਤੋਂ ਚੰਡੀਗੜ੍ਹ ਤਬਦੀਲ ਕੀਤਾ ਜਾ ਰਿਹਾ ਹੈ।

ਡਾ. ਚੀਮਾ ਨੇ ਇਹਨਾਂ ਸਾਰੇ ਪੰਜਾਬੀ ਵਿਰੋਧੀ ਫੈਸਲਿਆਂ ਨੂੰ ਤੁਰੰਤ ਵਾਪਸ ਲਏ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਪ੍ਰਸਾਰ ਭਾਰਤੀ ਦਾ ਟੀਚਾ ਸਭ ਨੂੰ ਨਾਲ ਲੈ ਕੇ ਚੱਲਣ ਦਾ ਹੈ। ਇਸਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ ਤੇ ਪੰਜਾਬੀ ਖਬਰਾਂ ਦੇ ਬੁਲੇਟਿਨ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਤੇ ਇਹ ਕੌਮੀ ਰਾਜਧਾਨੀ ਤੇ ਇਥੇ ਜਾਰੀ ਰਹਿਣੇ ਚਾਹੀਦੇ ਹਨ।

Exit mobile version