ਵਿਜੀਲੈਂਸ ਨੇ ਕੀਤਾ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ

ਚੰਡੀਗੜ੍ਹ,26 ਮਈ 2023 (ਦੀ ਪੰਜਾਬ ਵਾਇਰ)। ਜਲੰਧਰ ਤੋਂ ਛਪਣ ਵਾਲੇ ਪੰਜਾਬ ਦੇ ਪ੍ਰਮੁੱਖ ਪੰਜਾਬੀ ਅਖਬਾਰ ‘ਅਜੀਤ’ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਵਿਜੀਲੈਂਸ ਨੇ ਤਲਬ ਕੀਤਾ ਹੈ। ਬਰਜਿੰਦਰ ਸਿੰਘ ਹਮਦਰਦ ਨੂੰ 29 ਮਈ ਨੂੰ ਪੰਜਾਬ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਦੇਣਾ ਪਵੇਗਾ ਅਤੇ ਦੱਸਣਾ ਹੋਵੇਗਾ ਕਿ ਜੰਗ-ਏ-ਆਜ਼ਾਦੀ ਯਾਦਗਾਰ ਵਿੱਚ ਹੋਏ ਭ੍ਰਿਸ਼ਟਾਚਾਰ ਅੰਦਰ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਨੂੰ ਉਥੇ ਖਰਚ ਕੀਤੇ ਗਏ ਪੈਸੇ ਦਾ ਹਿਸਾਬ ਦੇਣ ਲਈ ਕਿਹਾ ਜਾਵੇਗਾ।

ਵਿਜੀਲੈਂਸ ਵੱਲੋਂ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕਰਦਿਆਂ ਸਪੱਸ਼ਟ ਕੀਤਾ ਗਿਆ ਹੈ ਕਿ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਮੀਡੀਆ ਦਾ ਚੌਥਾ ਥੰਮ੍ਹ ਹੋਵੇ ਜਾਂ ਕਿਸੇ ਵੀ ਪਾਰਟੀ ਦਾ ਆਗੂ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਮਾਮਲੇ ‘ਚ ਹਰ ਕਿਸੇ ਨੂੰ ਜਾਂਚ ‘ਚ ਸ਼ਾਮਲ ਹੋਣਾ ਪਵੇਗਾ, ਹਾਲਾਂਕਿ ਹੁਣ ਤੱਕ ਬਰਜਿੰਦਰ ਸਿੰਘ ਹਮਦਰਦ ‘ਤੇ ਕੋਈ ਦੋਸ਼ ਨਹੀਂ ਲੱਗਾ ਹੈ, ਪਰ ਵਿਜੀਲੈਂਸ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਲੱਗਦਾ ਹੈ ਕਿ ਆਉਣ ਵਾਲੇ ਸਮੇਂ ‘ਚ ਬਰਜਿੰਦਰ ਸਿੰਘ ਹਮਦਰਦ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਹੈ।

Exit mobile version