ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਾਗਰਿਕਾਂ ਨੂੰ ਆਪਣਾ ਆਧਾਰ ਅਪਡੇਟ ਕਰਨ ਦੀ ਕੀਤੀ ਅਪੀਲ

ਮਾਈ ਆਧਾਰ ਵੈਬਸਾਈਟ `ਤੇ ਆਨਲਾਈਨ ਕੀਤੀ ਜਾ ਸਕਦੀ ਆਧਾਰ ਅਪਡੇਸ਼ਨ

ਗੁਰਦਾਸਪੁਰ, 25 ਮਈ 2023 ( ਦੀ ਪੰਜਾਬ ਵਾਇਰ ) । ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਅਧਾਰ ਕਾਰਡ ਧਾਰਕਾਂ ਨੂੰ ਪਛਾਣ ਦੇ ਸਬੂਤਾਂ ਅਤੇ ਨਵੀਨਤਮ ਪਤੇ ਦੇ ਸਬੂਤਾਂ ਨਾਲ ਸਬੰਧਤ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣਾ ਆਧਾਰ ਕਾਰਡ ਮੁੜ ਤੋਂ ਪ੍ਰਮਾਣਿਤ ਕਰਵਾਉਣ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਧਾਰ ਕਾਰਡ ਨੂੰ ਹੋਰ ਮਜ਼ਬੂਤ ਪਛਾਣ ਦਸਤਾਵੇਜ਼ ਬਣਾਇਆ ਜਾ ਸਕਦਾ ਹੈ, ਜਿਸ ਲਈ ਸਰਕਾਰ ਵੱਲੋਂ ਆਧਾਰ ਕਾਰਡ ਨੂੰ ਅਪਡੇਟ ਕਰਨ ਲਈ ਮੁਹਿੰਮ ਵੀ ਚਲਾਈ ਜਾ ਰਹੀ ਹੈ।

   ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਯੂ.ਆਈ.ਡੀ.ਏ.ਆਈ. ਨੇ  ਆਧਾਰ ਕਾਰਡ ਨਾਲ ਨਵੇਂ ਪਛਾਣ ਦਸਤਾਵੇਜਾਂ ਨੂੰ ਅਪਲੋਡ ਕਰਨ ਲਈ ਆਪਸ਼ਨ ਵੀ ਮੁਹੱਈਆ ਕਰਵਾਈ ਹੈ। `ਮਾਈ ਆਧਾਰ ਪੋਰਟਲ` ਜਾਂ ਨੇੜੇ ਦੇ ਆਧਾਰ ਇਨਰੋਲਮੈਂਟ ਕੇਂਦਰਾਂ ਜਰੀਏ ਇਨ੍ਹਾਂ ਦਸਤਾਵੇਜ਼ਾਂ ਨੂੰ ਅਪਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਨਾਗਰਿਕਾਂ ਨੇ ਪਿਛਲੇ 8 ਤੋਂ 10 ਸਾਲਾਂ ਦਰਮਿਆਨ ਆਪਣੇ ਆਧਾਰ ਕਾਰਡ ਵਿੱਚ ਕੋਈ ਵੀ ਅਪਡੇਸ਼ਨ ਨਹੀਂ ਕਰਵਾਈ ਜਾਂ ਉਨ੍ਹਾਂ ਦਾ ਪਤਾ ਬਦਲ ਗਿਆ ਹੈ, ਉਹ ਅਪਡੇਸ਼ਨ ਕਰਵਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਭਾਵੇਂ ਨਾਗਰਿਕਾਂ ਦੀ ਜਾਣਕਾਰੀ ਵਿੱਚ ਤਬਦੀਲੀ ਨਾ ਵੀ ਹੋਈ ਹੋਵੇ, ਤਾਂ ਵੀ ਮੌਜੂਦਾ ਆਧਾਰ ਕਾਰਡ ਨਾਲ ਪਛਾਣ ਅਤੇ ਪਤੇ ਦੇ ਸਬੂਤਾਂ ਨੂੰ ਪ੍ਰਮਾਣਿਤ ਕਰਵਾਉਣਾ ਜਰੂਰੀ ਹੈ।

 ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜੇਕਰ ਮੋਬਾਇਲ ਨੰਬਰ ਆਧਾਰ ਕਾਰਡ ਰਜਿਸਟਰਡ ਹੈ ਤਾਂ ਅਧਾਰ ਕਾਰਡ ਧਾਰਕ https://myaadhaar.uidai.gov.in `ਤੇ ਲਾਗਇਨ ਕਰਕੇ, ਆਨਲਾਈਨ ਇਸ ਸੇਵਾ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਆਧਾਰ ਕਾਰਡ ਨਾਲ ਕਈ ਸਰਕਾਰੀ ਸੇਵਾਵਾਂ ਅਤੇ ਹੋਰ ਲਾਭ ਨਾਗਰਿਕਾਂ ਤੱਕ ਪਹੁੰਚਾਏ ਜਾਂਦੇ ਹਨ ਇਸ ਲਈ ਇਸਨੂੰ ਅਪਡੇਟ ਰੱਖਣਾ ਬਹੁਤ ਹੀ ਜਰੂਰੀ ਹੈ।

    ਡਿਪਟੀ ਕਮਿਸ਼ਨਰ ਨੇ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਵਿਅਕਤੀ ਦੇ ਆਧਾਰ ਕਾਰਡ ਨੂੰ ਪਛਾਣ ਦੇ ਸਬੂਤ ਵਜੋਂ ਲੈਣ ਤੋਂ ਪਹਿਲਾਂ ਇਸਨੂੰ ਤਸਦੀਕ ਜਰੂਰ ਕਰਵਾ ਲੈਣ ਕਿਉਂਕਿ ਇਸ ਨਾਲ ਫਰਜੀ/ਫੋਟੋਸ਼ਾਪ ਵਾਲੇ ਆਧਾਰ ਕਾਰਡਾਂ ਦੀ ਪਛਾਣ ਕਰਨ ਵਿੱਚ ਮੱਦਦ ਹਾਸਲ ਹੋਵੇਗੀ।

Exit mobile version