ਚੇਅਰਮੈਨ ਰਮਨ ਬਹਿਲ ਨੇ ਨਵ-ਨਿਯੁਕਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ

ਦੇਸ਼ ਦੇ ਨਿਰਮਾਣ ਵਿੱਚ ਅਧਿਆਪਕ ਵਰਗ ਦਾ ਯੋਗਦਾਨ ਸਭ ਤੋਂ ਅਹਿਮ – ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ, 19 ਮਈ 2023 (ਦੀ ਪੰਜਾਬ ਵਾਇਰ ) । ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਸਿੱਖਿਆ ਵਿਭਾਗ ਵਿੱਚ ਨਿਯੁਕਤ ਹੋਏ ਨਵੇਂ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਹੈ ਕਿ ਉਹ ਗੁਰੂ-ਚੇਲੇ ਦੀ ਅਮੀਰ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਦਾ ਪਵਿੱਤਰ ਕਾਰਜ ਪੂਰੀ ਇਮਾਨਦਾਰੀ ਤੇ ਨਿਸ਼ਠਾ ਨਾਲ ਕਰਨ। ਸ੍ਰੀ ਬਹਿਲ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਗੁਰਦਾਸਪੁਰ ਵਿਖੇ ਟਰੇਨਿੰਗ ਲੈ ਰਹੇ 37 ਨਵ ਨਿਯੁਕਤ ਅਧਿਆਪਕਾਂ ਦੇ ਰੂਬਰੂ ਹੋ ਰਹੇ ਸਨ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਹ ਸਾਰੇ ਅਧਿਆਪਕ ਬੜੇ ਭਾਗਸ਼ਾਲੀ ਹਨ ਜਿਨ੍ਹਾਂ ਨੂੰ ਅਧਿਆਪਨ ਦੇ ਖੇਤਰ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਨਿਰਮਾਣ ਵਿੱਚ ਅਧਿਆਪਕ ਵਰਗ ਦਾ ਯੋਗਦਾਨ ਸਭ ਤੋਂ ਅਹਿਮ ਹੈ ਅਤੇ ਇਹੀ ਕਾਰਨ ਹੈ ਕਿ ਅਧਿਆਪਕਾਂ ਨੂੰ ਰਾਸ਼ਟਰ ਦੇ ਨਿਰਮਾਤਾ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ-ਲਿਖ ਕੇ ਜ਼ਿੰਦਗੀ ਵਿੱਚ ਉੱਚੇ ਮੁਕਾਮ ਉੱਪਰ ਪਹੁੰਚੇ ਅਤੇ ਮਾਪੇ ਇਹ ਆਸ ਅਧਿਆਪਕ ਵਰਗ ਕੋਲੋਂ ਵੀ ਰੱਖਦੇ ਹਨ ਉਹ ਉਨ੍ਹਾਂ ਦੇ ਬੱਚੇ ਦੇ ਭਵਿੱਖ ਨੂੰ ਤਰਾਸ਼ਣਗੇ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਇਹ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਆਪਣੇ ਗਿਆਨ ਨੂੰ ਵਿਦਿਆਰਥੀਆਂ ਵਿੱਚ ਵੰਡ ਕੇ ਉਨ੍ਹਾਂ ਦਾ ਭਵਿੱਖ ਰੁਸ਼ਨਾਉਣ ਦੇ ਨਾਲ ਚੰਗੇ ਇਨਸਾਨ ਬਣਾਉਣ। ਸ੍ਰੀ ਬਹਿਲ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਬੱਚਿਆਂ ਨੂੰ ਸਮਾਜਿਕ ਕਦਰਾਂ-ਕੀਮਤਾਂ, ਚੰਗੇ ਆਚਰਨ ਦੀ ਸਿੱਖਿਆ ਦੇਣੀ ਵੀ ਅਧਿਆਪਕਾਂ ਦਾ ਫਰਜ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉੱਚ ਤਾਲੀਮ-ਜ਼ਾਫਤਾ ਇਹ ਸਾਰੇ ਨਵੇਂ ਅਧਿਆਪਕ ਆਪਣੇ ਕਿੱਤੇ ਵਿੱਚ ਨਾਮਣਾ ਖੱਟਣਗੇ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਸਿੱਖਿਆ ਵਿਭਾਗ ’ਚ 4161 ਅਧਿਆਪਕ ਭਰਤੀ ਕੀਤੇ ਗਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਸਕੂਲਾਂ ਵਿੱਚ ਮੁਢਲੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸੇ ਦੌਰਾਨ 37 ਨਵ-ਨਿਯੁਕਤ ਅਧਿਆਪਕਾਂ ਦਾ ਸਿਖਲਾਈ ਪ੍ਰੋਗਰਾਮ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਗੁਰਦਾਸਪੁਰ ਵਿਖੇ ਲਗਾਇਆ ਗਿਆ ਹੈ। ਇਸ ਮੌਕੇ ਸ੍ਰੀ ਰਮਨ ਬਹਿਲ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਮੇਸ਼ ਠਾਕੁਰ ਅਤੇ ਹੋਰ ਸਟਾਫ ਵੀ ਹਾਜ਼ਰ ਸੀ।

Exit mobile version