ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ 12ਵੀਂ ਜਮਾਤ ਦੇ ਟੌਪਰ ਕਨਿਸ਼ਕ ਮਹਾਜਨ ਨੂੰ ਫੋਨ ਕਰਕੇ ਦਿੱਤੀ ਵਧਾਈ

ਕਨਿਸ਼ਕ ਮਹਾਜਨ ਨੇ ਕਾਮਰਸ ਗਰੁੱਪ ’ਚੋਂ 98.4 ਫੀਸਦੀ ਨੰਬਰ ਹਾਸਿਲ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ

ਗੁਰਦਾਸਪੁਰ, 13 ਮਈ 2023 (ਦੀ ਪੰਜਾਬ ਵਾਇਰ)। ਬੀਤੇ ਕੱਲ ਸੀ.ਬੀ.ਐੱਸ.ਈ. ਦੇ 12ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਗੁਰਦਾਸਪੁਰ ਸ਼ਹਿਰ ਦੇ ਵਿਦਿਆਰਥੀ ਕਨਿਸ਼ਕ ਮਹਾਜਨ ਨੇ ਬਾਜੀ ਮਾਰੀ ਹੈ। ਕਨਿਸ਼ਕ ਮਹਾਜਨ ਨੇ 12ਵੀਂ ਦੇ ਕਾਮਰਸ ਗਰੁੱਪ ’ਚੋਂ 98.4 ਫੀਸਦੀ ਨੰਬਰ ਹਾਸਿਲ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।

ਗੁਰਦਾਸਪੁਰ ਸ਼ਹਿਰ ਦੇ ਵਿਦਿਆਰਥੀ ਕਨਿਸ਼ਕ ਮਹਾਜਨ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਫੋਨ ਕਰਕੇ ਵਿਦਿਆਰਥੀ ਕਨਿਸ਼ਕ ਮਹਾਜਨ ਅਤੇ ਉਸਦੇ ਪਿਤਾ ਸ੍ਰੀ ਅਮਿਤ ਮਹਾਜਨ ਨੂੰ ਵਧਾਈ ਦਿੱਤੀ ਹੈ। ਫੋਨ ਉੱਪਰ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਕਨਿਸ਼ਕ ਮਹਾਜਨ ਵੱਲੋਂ ਸੀ.ਬੀ.ਐੱਸ.ਈ. ਦੇ 12ਵੀਂ ਦੇ ਇਮਤਿਹਾਨ ਵਿੱਚ ਮੋਹਰੀ ਸਥਾਨ ਹਾਸਲ ਕਰਨਾ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਨਿਸ਼ਕ ਦੇ ਰੌਸ਼ਨ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਉਹ ਹੋਰ ਮਿਹਨਤ ਤੇ ਲਗਨ ਨਾਲ ਆਪਣੀ ਉਚੇਰੀ ਸਿੱਖਿਆ ਹਾਸਲ ਕਰੇ ਅਤੇ ਉੱਚੇ ਮੁਕਾਮ ਉੱਪਰ ਪਹੁੰਚ ਕੇ ਆਪਣੇ ਦੇਸ ਅਤੇ ਸਮਾਜ ਦੀ ਸੇਵਾ ਕਰੇ।

ਕਨਿਸ਼ਕ ਮਹਾਜਨ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਰਹਿ ਕੇ ਬੀ.ਕਾਮ ਆਨਰਜ਼ ਦੀ ਡਿਗਰੀ ਕਰਨੀ ਚਾਹੁੰਦਾ ਹੈ ਅਤੇ ਉਸਤੋਂ ਬਾਅਦ ਉਸਦਾ ਸੁਪਨਾ ਆਈ.ਏ.ਐੱਸ. ਦਾ ਇਮਤਿਹਾਨ ਪਾਸ ਕਰਕੇ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਆਉਣ ਦਾ ਹੈ। ਵਿਦਿਆਰਥੀ ਕਨਿਸ਼ਕ ਮਹਾਜਨ ਨੂੰ ਬੇਹਤਰ ਭਵਿੱਖ ਦੀਆਂ ਸ਼ੁਭ-ਕਾਮਨਾਵਾਂ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਕਨਿਸ਼ਕ ਨੂੰ ਕਿਸੇ ਵੀ ਤਰਾਂ ਦੀ ਅਗਵਾਈ ਜਾ ਗਾਈਡੈਂਸ ਦੀ ਲੋੜ ਹੋਵੇ ਉਹ ਬੇਝਿਜਕ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕਨਿਸ਼ਕ ਵਰਗੇ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਸਾਨੂੰ ਇਨ੍ਹਾਂ ਤੋਂ ਬਹੁਤ ਆਸ ਹੈ

ਵਿਦਿਆਰਥੀ ਕਨਿਸ਼ਕ ਮਹਾਜਨ ਦਾ ਕਹਿਣਾ ਸੀ ਕਿ ਇਹ ਤਾ ਹੀ ਸੰਭਵ ਹੋ ਪਾਇਆ ਹੈ ਕਿਉਂਕਿ ਇਸ ਵਿੱਚ ਉਸਦੇ ਪਰਿਵਾਰ ਅਤੇ ਅਧਿਆਪਕਾਂ ਦਾ ਪੂਰਾ ਸਹਿਯੋਗ ਰਿਹਾ। ਉਸਨੇ ਦੱਸਿਆ ਕਿ ਉਸ ਵਲੋਂ ਕੋਈ ਵਿਸ਼ੇਸ ਟਿਊਸ਼ਨ ਵੀ ਨਹੀਂ ਰੱਖੀ ਗਈ ਬਲਕਿ ਪਰਿਵਾਰ ਚ ਮਾਤਾ ਪਿਤਾ ਹੀ ਟੀਚਰ ਵਜੋਂ ਪੜ੍ਹਾਈ ਕਰਵਾਉਂਦੇ ਰਹੇ ਅਤੇ ਉਸਨੇ ਵੀ ਖੁਦ ਦਿਨ ਰਾਤ ਮਿਹਨਤ ਕਰ ਇਹ ਮੁਕਾਮ ਹਾਸਿਲ ਕੀਤਾ ਹੈ।    

Exit mobile version