ਜਲੰਧਰ ਵਿੱਚ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ‘ਚ ਰਮਨ ਬਹਿਲ ਦੇ ਸਮਰਥਕਾਂ ਨੇ ਮਨਾਇਆ ਜਸ਼ਨ, ਪਾਰਟੀ ਦੇ ਵਲੰਟੀਅਰਾਂ ਨੇ ਪਹੁੰਚ ਕੇ ਪਾਏ ਭੰਗੜੇ, ਚਲਾਈ ਆਤਿਸ਼ਬਾਜੀ, ਵੰਡੇ ਲੱਡੂ

ਗੁਰਦਾਸਪੁਰ, 13 ਮਈ 2023 (ਦੀ ਪੰਜਾਬ ਵਾਇਰ)।ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿਮਨੀ ਚੋਣ ਦੌਰਾਨ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਅੱਜ ਗੁਰਦਾਸਪੁਰ ਵਿਖੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਨਿਵਾਸ ਸਥਾਨ ‘ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਜਸ਼ਨ ਮਨਾਏ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਰਮਨ ਬਹਿਲ ਦੇ ਸਮਰਥਕਾਂ ਅਤੇ ਪਾਰਟੀ ਦੇ ਵਲੰਟੀਅਰਾਂ ਨੇ ਜਿੱਥੇ ਲੱਡੂ ਵੰਡ ਕੇ ਆਪਣੀ ਅਥਾਹ ਖੁਸ਼ੀ ਦਾ ਇਜਹਾਰ ਕੀਤਾ। ਉੱਸਦੇ ਨਾਲ ਹੀ ਢੋਲ-ਢਮੱਕਿਆਂ ਦੀ ਅਵਾਜ ‘ਚ ਭੰਗੜੇ ਵੀ ਪਾਏ ਅਤੇ ਆਤਿਸ਼ਬਾਜੀ ਚਲਾ ਕੇ ਇਸ ਜਿੱਤ ਦੀ ਖੁਸ਼ੀ ਮਨਾਈ। ਇਸ ਮੌਕੇ ਸਮੂਹ ਵਲੰਟੀਅਰਾਂ ਅਤੇ ਪਾਰਟੀ ਹਾਈਕਮਾਨ ਸਮੇਤ ਸਾਰੇ ਸ਼ੁੱਭ ਚਿੰਤਕਾਂ ਨੂੰ ਵਧਾਈ ਦਿੰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਇਹ ਜਿੱਤ ਇਮਾਨਦਾਰੀ ਦੀ ਜਿੱਤ ਹੋਈ ਹੈ। ਜਿਸ ਨੇ ਵਿਰੋਧੀਆਂ ਦੇ ਕੂੜ ਪ੍ਰਚਾਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਇਹ ਜਿੱਤ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਮੁੜ ਆਮ ਆਦਮੀ ਪਾਰਟੀ ਦੀ ਹੋਣ ਵਾਲੀ ਜਿੱਤ ਦਾ ਮੁੱਢ ਬੰਨ ਗਈ ਹੈ ਅਤੇ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਇਸ ਗੱਲ ਦੀ ਸਮਝ ਆ ਚੁੱਕੀ ਹੈ ਕਿ ਪੰਜਾਬ ਸਿਰਫ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਸੁਰੱਖਿਅਤ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਵਿੱਚ ਇੱਕ ਵੱਡ ਬਦਲਾਅ ਲਿਆਂਦਾ ਹੈ, ਜਿਸ ਤਹਿਤ ਲੋਕਾਂ ਨੂੰ ਸਰਕਾਰੀ ਕੰਮ ਕਰਵਾਉਣ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ ਅਤੇ ਸਰਕਾਰੀ ਦਰਬਾਰੇ ਭ੍ਰਿਸ਼ਟਾਚਾਰ ਵੀ ਖਮਤ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਤੇਜੀ ਨਾਲ ਪੂਰੇ ਕੀਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਨੁਹਾਰ ਹੋਰ ਵੀ ਵੱਡੇ ਪੱਧਰ ‘ਤੇ ਬਦਲੀ ਜਾਵੇਗੀ। ਦੂਜੇ ਪਾਸੇ ਉਨ੍ਹਾਂ ਦੇ ਵਿਰੋਧੀਆਂ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਕਿਰਦਾਰਪੋਸ਼ੀ ਕੀਤੀ, ਝੂਠੇ ਭਾਸ਼ਣ ਦਿੱਤੇ, ਭਰਕਾਊ ਭਾਸ਼ਣ ਦਿੱਤੇ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਰਸਤਾ ਅਖਤਿਆਰ ਕੀਤਾ। ਜਿਸ ਕਰਕੇ ਜਲੰਧਰ ਦੇ ਸੂਝਵਾਨ ਵੋਟਰਾਂ ਨੇ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਆਉਣ ਵਾਲੇ ਸਮੇਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਇਸੇ ਤਰ੍ਹਾਂ ਸਹਿਯੋਗ ਅਤੇ ਸਮਰਥਨ ਦਿੰਦੇ ਰਹਿਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਲੰਟੀਅਰ ਅਤੇ ਸਮਰਥਕ ਮੌਜੂਦ ਸਨ।

Exit mobile version